ਮੋਗਾ ਦੇ ਦੋ ਸਿਆਸੀ ਪਰਿਵਾਰਾਂ ਦੀ ਰੰਜਿਸ਼ ਨੇ ਪਿਛਲੇ ਪੰਜ ਸਾਲਾਂ ਦੌਰਾਨ ਮੋਗੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਰੱਖਿਆ ਵਾਂਝਾ: ਵਿਜੇ ਕੁਮਾਰ ਖੁਰਾਣਾ

ਮੋਗਾ, 13 ਫਰਵਰੀ (ਜਸ਼ਨ): ‘‘ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ‘ਟੀਮ ਮੋਗਾ’, ਨਿਗਮ ਚੋਣਾਂ ਜਿੱਤਣ ਉਪਰੰਤ ਮੋਗਾ ਸ਼ਹਿਰ ਦੀ ਸੂਬੇ ਦੇ ਉੱਤਮ ਸ਼ਹਿਰ ਵਜੋਂ ਤਾਮੀਰ ਕਰੇਗੀ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਾਰਡ ਨੰਬਰ 26 ਦੇ ਇੰਚਾਰਜ ਵਿਜੇ ਖੁਰਾਣਾ ਨੇ ਉਸ ਸਮੇਂ ਕੀਤਾ ਜਦੋਂ ਵਿਧਾਇਕ ਡਾ: ਹਰਜੋਤ ਕਮਲ ਉਹਨਾਂ ਦੀ ਚੋਣ ਮੁਹਿੰਮ ਨੂੰ ਸੰਬੋਧਨ ਕਰਨ ਪਹੁੰਚੇ। ਵਿਜੇ ਖੁਰਾਣਾ ਨੇ ਆਖਿਆ ਕਿ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਕਰੋਨਾ ਕਾਲ ਦੌਰਾਨ ਕੁਝ ਮਹੀਨਿਆਂ ਵਿਚ ਹੀ ਮੋਗੇ ਦੇ ਵਿਕਾਸ ਕਾਰਜ ਕਰਵਾ ਕੇ ਸ਼ਹਿਰ ਦੀ ਕਾਇਆ ਕਲਪ ਕਰ ਦਿੱਤੀ ਹੈ । ਉਹਨਾਂ ਆਖਿਆ ਕਿ ਮੋਗਾ ਵਾਸੀਆਂ ਨੇ ਅਕਾਲੀ ਭਾਜਪਾ ਸਾਸ਼ਨ ਕਾਲ ਦੌਰਾਨ ਵਿਕਾਸ ਨਾ ਹੋਣ ਕਾਰਨ ਬੇਹੱਦ ਮੁਸ਼ਕਿਲ ਸਮਾਂ ਬਤੀਤ ਕੀਤਾ, ਖਾਸਕਰ ਟੁੱਟੀਆਂ ਸੜਕਾਂ ਕਾਰਨ ਕਈ ਲੋਕਾਂ ਨੂੰ ਆਪਣੀ ਜਾਨ ਵੀ ਗਵਾਉਣੀ ਪਈ।
ਉਹਨਾਂ ਕਿਹਾ ਕਿ ਨਿਗਮ ਹਾਊਸ ਦੀ ਮਿਆਦ ਖਤਮ ਹੋਣ ਉਪਰੰਤ ਦੋ ਰਾਜਸੀ ਪਰਿਵਾਰਾਂ ਨੇ ਸਿਆਸੀ ਲਾਹਾ ਲੈਣ ਲਈ ਘਿਓ ਖਿਚੜੀਅ ਹੁੰਦਿਆਂ ਸਿਆਸੀ ਰੰਜਿਸ ਛੱਡ ਕੇ ਏਕਤਾ ਦਾ ਡਰਾਮਾ ਕੀਤਾ ਹੈ। ਉਹਨਾਂ ਆਖਿਆ ਕਿ ਮੋਗਾ ਸ਼ਹਿਰ ਦੇ ਵਾਸੀ ਇਹ ਗੱਲ ਸਮਝ ਲੈਣ ਕਿ ਇਹਨਾਂ ਦੋਹਾਂ ਪਰਿਵਾਰਾਂ ਨੇ ਹੀ ਮੋਗਾ ਦੇ ਲੋਕਾਂ ਨਾਲ ਪਿੱਛਲੇ ਪੰਜ ਸਾਲ ਧ੍ਰੋਹ ਕਮਾਇਆ ਅਤੇ ਹੁਣ ਲੋਕਾਂ ਨੂੰ ਬੁੱਧੂ ਬਣਾਉਣ ਲਈ ਫਿਰ ਏਕਤਾ ਦਾ ਡਰਾਮਾ ਕਰਕੇ ਨਗਰ ਨਿਗਮ ’ਤੇ ਕਬਜਾ ਕਰਨਾ ਚਾਹੁੰਦੇ ਹਨ।
ਉਹਨਾਂ ਕਿਹਾ ਕਿ ਜੇ ਮੋਗਾ ਵਾਸੀ ਇਹਨਾਂ ਦੀਆਂ ਗੱਲਾਂ ਵਿਚ ਆ ਗਏ ਤਾਂ ਇਹ ਵਿਰੋਧੀ ਨਿਗਮ ਵਿਚ ਪਹੰੁਚ ਕੇ ਮੁੜ ਤੋਂ ਉਹੀ ਕੜੀ ਘੋਲਣਗੇ ਜੋ ਇਹਨਾਂ ਨਿਗਮ ਦੀ ਪਿਛਲੀ ਮਿਆਦ ਦੌਰਾਨ ਘੋਲਦੇ ਰਹੇ ਹਨ। ਉਹਨਾਂ ਅੰਤ ਵਿਚ ਇਹ ਅਪੀਲ ਕੀਤੀ ਕਿ ਲੋਕ ਕਾਂਗਰਸ ਦੇ ਸਾਰੇ ਉਮੀਦਵਾਰਾਂ ਨੂੰ ਵੱਡੇੇ ਅੰਤਰ ਨਾਲ ਜਿਤਾਉਣ ਤਾਂ ਕਿ ਮੋਗੇ ਦਾ ਵਿਕਾਸ ਕੀਤਾ ਜਾ ਸਕੇ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਲੋਕ ਉਹਨਾਂ ਨੂੰ ਅਤੇ ਕਾਂਗਰਸ ਪਾਰਟੀ ਨੂੰ ਬੇਹੱਦ ਪਿਆਰ ਕਰਦੇ ਹਨ ਇਸ ਕਰਕੇ ਲੋਕ ਆਪ ਮੁਹਾਰੇ ਕਾਂਗਰਸ ਦੀ ਚੋਣ ਮੁਹਿੰਮ ਨੂੰ ਚਲਾ ਰਹੇ ਹਨ ਅਤੇ ਉਹ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਮੂੰਹ ਨਹੀਂ ਲਾਉਣਗੇ। 


