‘ਵਿਸ਼ਵ ਜਲ ਦਿਵਸ’ ਮੌਕੇ ਜਲਾਲਾਬਾਦ ਸਕੂਲ ਦੇ ਵਿਦਿਆਰਥੀਆਂ ਦੇ ਆਨ ਲਾਈਨ ਚਿੱਤਰਕਾਰੀ ਮੁਕਾਬਲੇ ਕਰਵਾਏ

ਧਰਮਕੋਟ, 23 ਮਾਰਚ (ਜਸ਼ਨ): ‘ਵਿਸ਼ਵ ਜਲ ਦਿਵਸ’ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਵਿਖੇ ਇੰਚਾਰਜ ਪਿ੍ਰੰਸੀਪਲ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ ਦੀ ਅਗਵਾਈ ਵਿਚ ਵਿਦਿਆਰਥੀਆਂ ਦੇ ਆਨ ਲਾਈਨ ਚਿੱਤਰਕਾਰੀ ਮੁਕਾਬਲੇ ਕਰਵਾਏ ਗਏ। ਸੀਨੀਅਰ ਅਧਿਆਪਕਾ ਕਮਲਜੀਤ ਕੌਰ ਤੋਂ ਇਲਾਵਾ ਸਾਇੰਸ ਅਧਿਆਪਕਾ ਪ੍ਰਭੂਤਾ ਗੋਇਲ, ਰੁਪਿੰਦਰ ਕੌਰ, ਜਗਦੀਪ ਕੌਰ ਅਤੇ ਕਰਮਜੀਤ ਕੌਰ ਦੀ ਟੀਮ ਵੱਲੋਂ ਘਰਾਂ ਵਿਚ ਰਹਿ ਕੇ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਜਲ ਦਿਵਸ ਨੂੰ ਸਮਰਪਿਤ ਚਿੱਤਰਕਾਰੀ ਮੁਕਾਬਲੇ ਵਿਚ ਹਿੱਸਾ ਲੈਣ ਲਈ ਪ੍ਰੇਰਿਆ ਗਿਆ। ‘ਜਲ ਹੈ ਤਾਂ ਕੱਲ ਹੈ ’ ਵਿਸ਼ੇ ’ਤੇ ਵਿਦਿਆਰਥੀਆਂ ਨੇ ਪਾਣੀ ਦੀ ਸੰਭਾਲ ਅਤੇ ਸੰਜਮ ਨਾਲ ਵਰਤੋਂ ਨੂੰ ਦਰਸਾਉਂਦੇ ਚਿੱਤਰ ਬਣਾ ਕੇ ਆਨ ਲਾਈਨ ਸਕੂਲ ਦੇ ਐਕਟੀਵਿਟੀ ਗਰੁੱਪ ਵਿਚ ਭੇਜੇ । ਅੱਜ ਤੱਕ ਪ੍ਰਾਪਤ ਹੋਏ ਚਿਤਰਾਂ ’ਤੇ ਅਧਿਆਪਕਾਂ ਨੇ ਵਿਚਾਰ ਕਰਦਿਆਂ ਸੀਨੀਅਰ ਵਿਦਿਆਰਥੀਆਂ ਦੇ ਮੁਕਾਬਲਿਆਂ ਵਿਚ ਨੌਵੀਂ ਏ ਜਮਾਤ ਦੀ ਨਵਦੀਪ ਕੌਰ ਨੂੰ ਪਹਿਲੇ, ਨੌਵੀਂ ਸੀ ਜਮਾਤ ਦੀ ਪਵਨਦੀਪ ਕੌਰ ਨੂੰ ਦੂਜੇ ਅਤੇ ਦਸਵੀਂ ਬੀ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੂੰ ਤੀਜੇ ਦਰਜੇ ਦੀ ਜੇਤੂ ਐਲਾਨਿਆ। ਇਸੇ ਤਰਾਂ ਛੇਵੀਂ ਏ ਜਮਾਤ ਦਾ ਸੁਖਮੀਤ ਸਿੰਘ ਜੂਨੀਅਨ ਵਿੰਗ ਵਿਚੋਂ ਜੇਤੂ ਰਿਹਾ । ਸਕੂਲ ਬੰਦ ਹੋਣ ਕਾਰਨ ਸਾਦੇ ਸਮਾਗਮ ਦੌਰਾਨ ਤੇਜਿੰਦਰ ਸਿੰਘ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸੂਬੇ ਵਿਚ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਅਤੇ ਮੀਂਹ ਦੇ ਪਾਣੀ ਦੀ ਸੰਭਾਲ ਲਈ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਵਿਚ ਮੁਕਾਬਲੇ ਦੀ ਜੇਤੂ ਨਵਦੀਪ ਕੌਰ ਨੂੰ ਇੰਚਾਰਜ ਪਿ੍ਰੰਸੀਪਲ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ ਦੀ ਅਗਵਾਈ ਵਿਚ ਅਧਿਆਪਕਾਂ ਨੇ ਮੈਡਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।