ਗੁਰੁ ਨਾਨਕ ਸਕੂਲ ਬੱਸੀਆਂ ਦੀ ਸਮਰ, ਅੱਠਵੀਂ ਕਲਾਸ ਦੇ ਨਤੀਜਿਆਂ ‘ਚੋਂ ਪੰਜਾਬ ਭਰ ‘ਚ ਰਹੀ, ਤੀਜੇ ਸਥਾਨ ‘ਤੇ,ਲੁਧਿਆਣੇ ਜ਼ਿਲ੍ਹੇ ਦੀਆਂ ਪਹਿਲੀਆਂ ਤਿੰਨ ਪੁਜੀਸ਼ਨਾਂ ’ਤੇ ਵੀ ਬੱਸੀਆਂ ਸਕੂਲ ਨੇ ਮਾਰੀ ਮੱਲ

ਲੁਧਿਆਣਾ, 28 ਅਪਰੈਲ (ਜਸ਼ਨ): ਇਲਾਕੇ ਦੀ ਨਾਮਵਰ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਨੇ ਪੜ੍ਹਾਈ ਦੇ ਖੇਤਰ ਵਿੱਚ ਇੱਕ ਵੱਡੀ ਪੁਲਾਂਘ ਪੁੱਟਦੇ ਹੋਏ ਆਪਣੇ ਇਤਿਹਾਸ ਵਿੱਚ ਹੋਰ ਵਾਧਾ ਕੀਤਾ ਹੈ। ਸਕੂਲ ਵਿਦਿਆਰਥਣ ਸਮਰਪ੍ਰੀਤ ਕੌਰ ਬੱਸੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜਿਆਂ ਵਿੱਚੋਂ 598/600 ਅੰਕਾਂ ਨਾਲ 99.6% ਫੀਸਦੀ ਨੰਬਰ ਪ੍ਰਾਪਤ ਕੀਤੇ ਅਤੇ ਪੰਜਾਬ ਭਰ ਦੇ ਲੱਖਾਂ ਵਿਦਿਆਰਥੀਆਂ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਨਾਲ ਸਕੂਲ ਨੇ ਇੱਕ ਹੋਰ ਮਾਅਰਕਾ ਮਾਰਦੇ ਹੋਏ ਲੁਧਿਆਣਾ ਜਿਲ੍ਹੇ ਦੇ ਪਹਿਲੀਆਂ ਤਿੰਨ ਪੁਜੀਸ਼ਨਾਂ ਵੀ ਆਪਣੀ ਝੋਲੀ ਪਾਈਆਂ।

ਸਕੂਲ ਦੀਆਂ ਵਿਦਿਆਰਥਣਾਂ ਸਮਰਪ੍ਰੀਤ ਕੌਰ ਬੱਸੀਆਂ ਨੇ 99.6%, ਜਸ਼ਨਦੀਪ ਕੌਰ  ਫੇਰੂਰਾਈ ਨੇ 99.5% ਤੇ ਐਸ਼ਵੀਰ ਕੌਰ ਬੱਸੀਆਂ ਨੇ 99.1% ਅੰਕ ਹਾਸਿਲ ਕਰਕੇ  ਲੁਧਿਆਣੇ ਜਿਲੇ੍ਹ ਵਿੱਚੋਂ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਿਲ ਕੀਤਾ। ਮੋਗਾ ਤੋਂ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ‘ਸਟੇਟ ਐਵਾਰਡੀ’ ਨੇ ਫ਼ੋਨ ਰਾਹੀਂ ਸਕੂਲ ਡਾਇਰੈਕਟਰ ਸ. ਮਹਿੰਦਰ ਸਿੰਘ , ਸਮੁੱਚੇ ਸਟਾਫ਼ ਅਤੇ ਵਿਦਿਆਰਥਣਾਂ ਨੂੰ ਮੁਬਾਰਕਾਂ ਦਿੰਦਿਆਂ ਆਖਿਆ ਕਿ ਇਕ ਟੀਮ ਦੇ ਤੌਰ ਕੰਮ ਕਰਦਿਆਂ ਇਸ ਵੱਡੀ ਪ੍ਰਾਪਤੀ ਲਈ ਸਭ ਨੂੰ ਨੂੰ ਮੁਬਾਰਕਾਂ ਨੇ ਅਤੇ ਪੰਜਾਬ ਸਰਕਾਰ ਵੀ ਵਧਾਈ ਦੀ ਪਾਤਰ ਹੈ ਜੋ ਸਿੱਖਿਆ ਦੇ ਖੇਤਰ ਵੱਲ ਵਿਸ਼ੇਸ਼ ਤਵਜੋਂ ਦੇ ਰਹੀ ਹੈ। ਸਕੂਲ ਡਾਇਰੈਕਟਰ ਸ. ਮਹਿੰਦਰ ਸਿੰਘ ਨੇ ਪੰਜਾਬ ਵਿੱਚੋਂ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ , ਮਾਪਿਆਂ ਤੇ ਸਕੂਲ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਤੇ ਇਸ ਵੱਡੀ ਪ੍ਰਾਪਤੀ ਦਾ ਸਿਹਰਾ ਬੱਚਿਆਂ ਤੇ ਅਧਿਆਪਕਾਂ ਦੀ ਸਖਤ ਮਿਹਨਤ ਨੂੰ ਦਿੱਤਾ। ਇਸ ਮੌਕੇ ਉਨਾਂ ਨੇ ਵਿਸ਼ੇਸ ਤੌਰ ‘ਤੇ ਪੰਜਾਬ ਵਿੱਚੋਂ ਤੀਜਾ ਸਥਾਨ ਹਾਸਲ ਕਰਨ ਵਾਲੀ ਬੇਟੀ ਸਮਰਪ੍ਰੀਤ ਕੌਰ  ਦੇ ਮਾਤਾ ਮਨਪ੍ਰੀਤ ਕੌਰ  ਤੇ ਪਿਤਾ ਸ. ਜਗਦੇਵ ਸਿੰਘ ਸਰਪੰਚ ਬੱਸੀਆਂ ਨੂੰ ਇਸ ਸ਼ਾਨਦਾਰ ਉਪਲੱਬਧੀ ‘ਤੇ ਵਧਾਈਆਂ ਦਿੱਤੀਆਂ ਤੇ ਮੂੰਹ ਮਿੱਠਾ ਕਰਵਾਇਆ।