ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਪੀ.ਏ.ਐਮ.ਐਸ. ਦੀ ਸ਼ੁਰੂਆਤ

ਚੰਡੀਗੜ੍ਹ, 12 ਅਪ੍ਰੈਲ (ਜਸ਼ਨ) :ਨਿਰਪੱਖ ਅਤੇ ਸੁਚਾਰੂ ਚੋਣ ਅਮਲ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਅੱਜ ਇਥੇ ਆਪਣੇ ਦਫ਼ਤਰ ਵਿਖੇ ਲੋਕ ਸਭਾ ਚੋਣਾਂ 2024 ਲਈ ਪੋਲ ਐਕਟੀਵਿਟੀ ਮੈਨੇਜਮੈਂਟ ਸਿਸਟਮ (ਪੀ.ਏ.ਐਮ.ਐਸ.) ਦੀ ਸ਼ੁਰੂਆਤ ਕੀਤੀ ਗਈ।ਜ਼ਿਕਰਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੀ.ਏ.ਐਮ.ਐਸ. ਨੇ ਵੱਖ-ਵੱਖ ਚੋਣ ਪ੍ਰੋਗਰਾਮਾਂ ਜਿਵੇਂ ਕਿ ਪੋਲ ਪਾਰਟੀਆਂ ਦੀਆਂ ਗਤੀਵਿਧੀਆਂ, ਮੌਕ ਪੋਲ, ਵੋਟਿੰਗ ਪ੍ਰਕਿਰਿਆ ਸ਼ੁਰੂ ਤੇ ਬੰਦ ਹੋਣ, ਸ਼ਾਮ 6 ਵਜੇ ਕਤਾਰ ਵਿੱਚ ਖੜ੍ਹੇ ਵੋਟਰਾਂ ਦੀ ਗਿਣਤੀ, ਜਮ੍ਹਾਂ ਕਰਵਾਈ ਗਈ ਸਮੱਗਰੀ ਆਦਿ ਦੀ ਨਿਗਰਾਨੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਹ ਪ੍ਰਣਾਲੀ ਇੱਕ ਸਮਰਪਿਤ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਜ਼ਰੀਏ ਸੈਕਟਰ ਮੈਜਿਸਟ੍ਰੇਟਾਂ ਵੱਲੋਂ ਸਾਰੇ ਪੋਲਿੰਗ ਸਟੇਸ਼ਨਾਂ ਵਿਖੇ ਵੱਖ-ਵੱਖ ਗਤੀਵਿਧੀਆਂ ਦੀ ਰੀਅਲ ਟਾਈਮ ਮਾਨੀਟਰਿੰਗ ਲਈ ਵਧੇਰੇ ਮਦਦਗਾਰ ਸਿੱਧ ਹੋਈ।ਸਿਬਿਨ ਸੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਪੀ.ਏ.ਐਮ.ਐਸ. ਨੂੰ ਹੋਰ ਵੀ ਕਾਰਗਰ ਬਣਾਇਆ ਗਿਆ ਹੈ, ਜੋ ਚੋਣ ਪ੍ਰਕਿਰਿਆ ਦੌਰਾਨ ਪਾਰਦਰਸ਼ਤਾ ਨੂੰ ਯਕੀਨੀ ਬਣਾਉਂਦਿਆਂ ਚੋਣਾਂ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਦੇ ਪ੍ਰਬੰਧਨ ਵਿੱਚ ਅਹਿਮ ਭੂਮਿਕਾ ਨਿਭਾਏਗਾ।ਉਨ੍ਹਾਂ ਅੱਗੇ ਦੱਸਿਆ ਕਿ ਰੀਅਲ-ਟਾਈਮ ਅਪਡੇਟਸ ਲਈ ਐਂਡਰਾਇਡ ਅਤੇ ਆਈ.ਓ.ਐਸ. ਪਲੇਟਫਾਰਮਾਂ ਵਾਸਤੇ ਮੋਬਾਈਲ ਐਪਲੀਕੇਸ਼ਨਾਂ ਵਿਕਸਿਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਐਪਲੀਕੇਸ਼ਨ ਅਤੇ ਸਰਵਰ ਦਰਮਿਆਨ ਪ੍ਰਭਾਵੀ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਇੱਕ ਟੋਕਨ-ਅਧਾਰਤ ਅਕਸੈਸ ਐਲਗੋਰਿਦਮ ਵੀ ਲਾਗੂ ਕੀਤਾ ਗਿਆ ਹੈ। ਜੀ.ਪੀ.ਐਸ. ਕੋਆਰਡੀਨੇਟਸ  ਦੀ ਵਰਤੋਂ ਕਰਦਿਆਂ ਇਹ ਐਪਲੀਕੇਸ਼ਨ ਡਿਸਪੈਚ ਪ੍ਰਕਿਰਿਆ ਦੌਰਾਨ ਪਾਰਟੀਆਂ ਦੀ ਹਲਚਲ 'ਤੇ ਬਾਰੀਕੀ ਨਾਲ ਨਜ਼ਰ ਰੱਖਦੀ ਹੈ ਅਤੇ ਹਰ ਕਦਮ 'ਤੇ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਂਦੀ ਹੈ।