'ਵੋਮੈਨ ਵੋਟਰ ਮਿਲਣੀ'' ਪ੍ਰੋਗਰਾਮ ਦਾ ਆਯੋਜਨ ,ਮਹਿਲਾ ਵੋਟਰਾਂ ਨੇ ਬੋਲੀਆਂ ਜਰੀਏ ਵੋਟ ਪਾਉਣ ਦਾ ਫੈਲਾਇਆ ਸੰਦੇਸ਼

ਮੋਗਾ, 29 ਅਪ੍ਰੈਲ:ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਵੋਟ ਫ਼ੀਸਦੀ ਵਧਾਉਣ ਲਈ ਮੋਗਾ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਰੇਕ ਵਰਗ ਤੱਕ ਪਹੁੰਚ ਕਰਕੇ ਉਹਨਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਇਨ੍ਹਾਂ ਯਤਨਾਂ ਦੀ ਲਗਾਤਾਰਤਾ ਵਿੱਚ ਅੱਜ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ઠਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮੋਗਾ ਦੀਆਂ ਮਹਿਲਾਵਾਂ ਨਾਲ 'ਵੋਮੈਨ ਵੋਟਰ ਮਿਲਣੀ'' ਪ੍ਰੋਗਰਾਮ ਦਾ ਆਯੋਜਨ ਡੀ.ਐਮ. ਕਾਲਜ ਆਫ਼ ਵੋਮੈਨ ਮੋਗਾ ਵਿਖੇ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਵਧੀਕ ਡਿਪਟੀ ਕਮਿਸ਼ਨਰ ਹਰਕੀਰਤ ਕੌਰ ਚਾਨੇ ਅਤੇ ઠਸਹਾਇਕ ਕਮਿਸ਼ਨਰ (ਜ)-ਕਮ-ਸਵੀਪ ਨੋਡਲ ਅਫ਼ਸਰ ਸ਼ੁਭੀ ਆਂਗਰਾ ਵੱਲੋਂ ਵਿਸ਼ੇਸ਼ ਤੌਰ ਤੇ  ਸ਼ਿਰਕਤ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਨੌਜਵਾਨ ਮਹਿਲਾ ਵੋਟਰਾਂ ਦੇ ਸਵੀਪ ਆਈਕਨ ਜਸਪ੍ਰੀਤ ਕੌਰ ਜੱਸ ਢਿੱਲੋਂ, ਔਰਤ ਵੋਟਰਾਂ ਦੇ ਸਵੀਪ ਆਈਕਨ ਅਨਮੋਲ ਸ਼ਰਮਾ, ਮੋਗਾ ਦੀਆਂ ਸਮੂਹ ਮਹਿਲਾ ਐਨ.ਜੀ.ਓਜ਼,, ਕਾਲਜ ਦਾ ਸਟਾਫ਼ ਤੇ ਵੱਡੀ ਗਿਣਤੀ ਵਿੱਚ ਵਿਦਿਆਰਥਨਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਸਟੇਜ਼ ਸੈਕਟਰੀ ਦੀ ਭੂਮਿਕਾ ਸਹਾਇਕ ਸਵੀਪ ਨੋਡਲ ਅਫ਼ਸਰ ਗੁਰਪ੍ਰੀਤ ਸਿੰਘ ਘਾਲੀ ਨੇ ਨਿਭਾਈ ਅਤੇ ਵੋਟਾਂ ਸਬੰਧੀ ਵੀ ਜਾਗਰੂਕ ਕੀਤਾ।
ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਹਰਕੀਰਤ ਕੌਰ ਚਾਨੇ ਨੇ ਦੱਸਿਆ ਕਿ ਲੋਕ ਸਭਾ ਚੋਣਾਂ-2024 ਵਿੱਚ ਮਹਿਲਾ ਵੋਟਰਾਂ ਦੀ ਸ਼ਮੂਲੀਅਤ ਬਹੁਤ ਲਾਜ਼ਮੀ ਹੈ। ਵੋਟ ਫੀਸਦੀ ਨੂੰ 70 ਤੋਂ ਪਾਰ ਕਰਨ ਲਈ ਮਹਿਲਾਵਾਂ ਪ੍ਰਸ਼ਾਸ਼ਨ ਦਾ ਸਾਥ ਜਰੂਰ ਦੇਣ। ਪ੍ਰੋਗਰਾਮ ਵਿੱਚ ਵਿਦਿਆਰਥਨਾਂ ਵੱਲੋਂ ਬੋਲੀਆਂ ਤੇ ਗਿੱਧੇ ਜਰੀਏ ਵੋਟਰ ਜਾਗਰੂਕਤਾ ਦਾ ਸੰਦੇਸ਼ ਦਿੱਤਾ ਜਿਸਦੀ ਵਧੀਕ ਡਿਪਟੀ ਕਮਿਸ਼ਨਰ ਨੇ ਤਾਰੀਫ਼ ਕੀਤੀ। ਇਸ ਮੌਕੇ 4 ਮਈ ਤੱਕ ਨਵੀਆਂ ਵੋਟਾਂ ਬਣਾਉਣ ਦਾ ਸੰਦੇਸ਼ ਵੀ ਬੋਲੀਆਂ ਜਰੀਏ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤਹਿਤ ਇਸ ਵਾਰ ਹਰੇਕ ਪੋਲਿੰਗ ਬੂਥ ਉੱਪਰ ਠੰਡੇ ਮਿੱਠੇ ਪਾਣੀ ਦੀਆਂ ਛਬੀਲਾਂ, ਸ਼ਾਮਿਆਨੇ, ਮੈਡੀਕਲ ਸਹੂਲਤਾਂ ਨਾਲ ਲੈਸ ਪੋਲਿੰਗ ਬੂਥ ਇਸ ਵਾਰ ਵੋਟਰਾਂ ਲਈ ਖਿੱਚ ਦਾ ਕੇਂਦਰ ਬਣਨਗੇ।
ਸਹਾਇਕ ਕਮਿਸ਼ਨਰ (ਜ)-ਕਮ-ਸਵੀਪ ਨੋਡਲ ਅਫ਼ਸਰ ਸ਼ੁਭੀ ਆਂਗਰਾ ਵੱਲੋਂ ਸਮੂਹ ਮਹਿਲਾਵਾਂ ਨੂੰ ਆਪਣੀ ਵੋਟ ਦੇ ਇਸਤੇਮਾਲ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਮੋਗਾ ਵਿੱਚ ਕੁੱਲ 7.5 ਲੱਖ ਵੋਟਰ ਹਨ ਸਵੀਪ ਟੀਮਾਂ ਦੀ ਮੱਦਦ ਨਾਲ ਹੁਣ ਤੱਕ 3.5 ਲੱਖ ਵੋਟਰਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕੀਤਾ ਜਾ ਚੁੱਕਾ ਹੈ ਅਤੇ ਇਹ ਅੱਗੇ ਵੀ ਜਾਰੀ ਹੈ। ਚੋਣ ਕਮਿਸ਼ਨ ਵੱਲੋਂ ਬਣਾਏ ਗਏ ਐਪਸ ਜਿਵੇਂ ਕਿ ਸਕਸ਼ਮ, ਵੋਟਰ ਹੈਲਪਲਾਈਨ ਐਪ, ਸੀ ਵਿਜ਼ਲ ਐਪ  ਦੀ ਜਾਣਕਾਰੀ ਪੀ.ਪੀ.ਟੀ. ਰਾਹੀਂ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਮਜ਼ਬੂਤ ਲੋਕਤੰਤਰ ਦਾ ਨਿਰਮਾਣ ਕਰਨ ਲਈ ਵੋਟ ਫੀਸਦੀ ਵਿੱਚ ਵਾਧਾ ਬਹੁਤ ਜਰੂਰੀ ਹੈ।
ਉਨ੍ਹਾਂ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਸ਼ਾਸ਼ਨ ਦੇ ਸੱਦੇ ਉੱਪਰ ਵੱਡੀ ਗਿਣਤੀ ਵਿੱਚ ਆਈਆਂ ਮਹਿਲਾਵਾਂ ਦੀ ਪਹੁੰਚ ਇਸ ਗੱਲ ਦਾ ਸਬੂਤ ਦੇ ਰਹੀ ਹੈ ਕਿ ਮਹਿਲਾਵਾਂ ਵੋਟਾਂ ਪ੍ਰਤੀ ਸੁਚੇਤ ਹਨ ਅਤੇ ਉਹ ਵੋਟ ਫੀਸਦੀ ਵਧਾਉਣ ਲਈ ਆਪਣੇ ਆਪਣੇ ਪੱਧਰ ਉੱਪਰ ਜਰੂਰ ਉਪਰਾਲੇ  ਕਰਨਗੀਆਂ।ਹਾਜ਼ਰ ਮਹਿਲਾ ਵੋਟਰਾਂ ਨੇ ਪ੍ਰਸ਼ਾਸ਼ਨ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਆਪਣੇ ਪਰਿਵਾਰ ਸਮੇਤ ਵੋਟ ਦਾ ਇਸਤੇਮਾਲ ਕਰਨਗੀਆਂ।