ਚੇਅਰਮੈਨ ਅਮਨਦੀਪ ਸਿੰਘ ਪੰਡੋਰੀ ਨੇ ਸਰਪੰਚੀ ਦੇ ਇਤਿਹਾਸ ਵਿਚ ਸੁਨਹਿਰੀ ਪੰਨਾ ਜੋੜਿਆ

ਧਰਮਕੋਟ, 18 ਅਕਤੂਬਰ (ਜਸ਼ਨ ) – ਹਲਕਾ ਵਿਧਾਇਕ ਸਰਦਾਰ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਅਸ਼ੀਰਵਾਦ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਪੰਡੋਰੀ ਅਰਾਈਆਂ ਦੀ ਪੰਚਾਇਤ ਨੇ ਪਿਛਲੇ ਇੱਕ ਸਾਲ ਦੌਰਾਨ ਵਿਕਾਸ ਦੇ ਖੇਤਰ ਵਿੱਚ ਕਾਬਿਲੇ-ਤਾਰੀਫ਼ ਉਪਰਾਲੇ ਕੀਤੇ ਹਨ। ਪਿੰਡ ਦੇ ਸਰਪੰਚ ਅਤੇ ਮਾਰਕੀਟ ਕਮੇਟੀ ਕੋਟ ਈਸੇ ਖਾਂ ਦੇ ਚੇਅਰਮੈਨ ਅਮਨਦੀਪ ਸਿੰਘ (ਅਮਨ ਪੰਡੋਰੀ) ਦੀ ਅਗਵਾਈ ਹੇਠ ਪਿੰਡ ਵਿੱਚ ਬੁਨਿਆਦੀ ਢਾਂਚੇ ਦੀ ਬਿਹਤਰੀ ਲਈ ਕਈ ਮਹੱਤਵਪੂਰਨ ਕੰਮ ਕੀਤੇ ਗਏ ਹਨ।
ਚੇਅਰਮੈਨ ਅਮਨਦੀਪ ਸਿੰਘ ਨੇ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ ਪਿੰਡ ਦੀਆਂ ਜ਼ਿਆਦਾਤਰ ਗਲੀਆਂ ਵਿੱਚ ਇੰਟਰਲਾਕ ਟਾਇਲਾਂ ਲਗਾ ਕੇ ਲੋਕਾਂ ਨੂੰ ਆਵਾਜਾਈ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ। ਸਕੂਲ ਦਾ ਸਮਾਰਟ ਗੇਟ ਬਣਵਾਇਆ ਗਿਆ ਹੈ ਅਤੇ ਸਕੂਲ ਦੇ ਮੁਹਰੇ ਇੰਟਰਲਾਕ ਲਗਵਾਏ ਗਏ ਹਨ। ਇਸ ਤੋਂ ਇਲਾਵਾ ਡੇਅਰੀ ਮੂਹਰੇ, ਔਲਖ ਵਾਲੇ ਰਾਹ ਤੇ ਮੁੱਖ ਰਸਤਿਆਂ ਉੱਤੇ ਵੀ ਪੱਕੀ ਟਾਇਲਾਂ ਲਗਾ ਕੇ ਪਿੰਡ ਦਾ ਰੂਪ ਨਿਖਾਰਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੰਚਾਇਤ ਵੱਲੋਂ ਇੱਕ ਕਿੱਲੇ ਦੇ ਕਰੀਬ ਨਾਜਾਇਜ਼ ਕਬਜ਼ੇ ਹਟਾ ਕੇ ਪਿੰਡ ਦੀ ਜਾਇਦਾਦ ਮੁੜ ਹਾਸਲ ਕੀਤੀ ਗਈ ਹੈ। ਪਿੰਡ ਵਿੱਚ ਸੀਵਰੇਜ ਸਿਸਟਮ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਸਫਾਈ ਪ੍ਰਣਾਲੀ ਹੋਰ ਸੁਧਰੇਗੀ। ਪਿੰਡ ਵਿੱਚ ਪਾਰਕ ਦਾ ਨਿਰਮਾਣ ਜਾਰੀ ਹੈ, ਜੋ ਬੱਚਿਆਂ ਅਤੇ ਬਜ਼ੁਰਗਾਂ ਲਈ ਮਨੋਰੰਜਨ ਅਤੇ ਆਰਾਮ ਦਾ ਕੇਂਦਰ ਬਣੇਗਾ।
ਅਮਨਦੀਪ ਸਿੰਘ ਨੇ ਕਿਹਾ ਕਿ ਵਿਧਾਇਕ ਲਾਡੀ ਢੋਸ ਦੇ ਸਹਿਯੋਗ ਨਾਲ ਪਿੰਡ ਦੀਆਂ ਚਾਰ ਮੁੱਖ ਸੜਕਾਂ ਦਾ ਕੰਮ ਚੱਲ ਰਿਹਾ ਹੈ। ਕਬਰਸਤਾਨ ਦੀ ਚਾਰਦਿਵਾਰੀ ਬਣਾਈ ਗਈ ਹੈ ਅਤੇ ਪਿੰਡ ਵਿੱਚ 40 ਦੇ ਕਰੀਬ ਆਧੁਨਿਕ ਸੋਲਰ ਲਾਈਟਾਂ ਲਗਾ ਕੇ ਪੂਰੇ ਪਿੰਡ ਨੂੰ ਰਾਤ ਸਮੇਂ ਰੌਸ਼ਨ ਕੀਤਾ ਗਿਆ ਹੈ।
ਪੰਚਾਇਤ ਨੇ ਸ਼ਗਨ ਸਕੀਮ ਤਹਿਤ ਹਰੇਕ ਐਸ.ਸੀ. ਪਰਿਵਾਰ ਨੂੰ 5100 ਰੁਪਏ ਦੀ ਮਦਦ ਦਿੱਤੀ ਹੈ। ਪਹਿਲੀ ਵਾਰ ਪੰਚਾਇਤੀ ਜ਼ਮੀਨ ਦਾ ਠੇਕਾ ਕਰੀਬ 17.5 ਲੱਖ ਰੁਪਏ ‘ਤੇ ਹੋਇਆ ਜਿਸ ਨਾਲ ਪਿੰਡ ਦੇ ਖਾਤੇ ਵਿੱਚ ਵੱਡੀ ਆਮਦਨੀ ਹੋਈ ਹੈ। ਇਸ ਤੋਂ ਇਲਾਵਾ ਸੜਕਾਂ ਤੋਂ ਰੂੜੀਆਂ ਚਕਵਾ ਕੇ ਪਿੰਡ ਦੀ ਸਫਾਈ ਵਿਵਸਥਾ ਨੂੰ ਹੋਰ ਸੁਧਾਰਿਆ ਗਿਆ ਹੈ।
ਪਿੰਡ ਵਾਸੀਆਂ ਨੇ ਮਾਰਕੀਟ ਕਮੇਟੀ ਕੋਟ ਈਸੇ ਖਾਂ ਦੇ ਚੇਅਰਮੈਨ ਅਤੇ ਪਿੰਡ ਪੰਡੋਰੀ ਅਰਾਈਆਂ ਦੇ ਸਰਪੰਚ ਅਮਨਦੀਪ ਸਿੰਘ (ਅਮਨ ਪੰਡੋਰੀ) ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਮਰਪਿਤ ਸਹਿਯੋਗ ਨਾਲ ਪਿੰਡ ਵਿੱਚ ਵਿਕਾਸ ਦੀ ਨਵੀਂ ਇਤਿਹਾਸਕ ਕਿਤਾਬ ਲਿਖੀ ਗਈ ਹੈ। ਵਿਧਾਇਕ ਲਾਡੀ ਢੋਸ ਦੇ ਸਹਿਯੋਗ ਨਾਲ ਇਹ ਉਪਰਾਲੇ ਪੰਡੋਰੀ ਅਰਾਈਆਂ ਨੂੰ ਆਦਰਸ਼ ਪਿੰਡ ਬਣਾਉਣ ਵੱਲ ਇੱਕ ਵੱਡਾ ਕਦਮ ਸਾਬਤ ਹੋ ਰਹੇ ਹਨ।


