ਸਰਪੰਚ ਜਗਜੀਵਨ ਸਿੰਘ ਲੁਹਾਰਾ ਨੇ ਕਿਸਾਨ ਸਿਖਲਾਈ ਕੈਂਪ ਲਗਾਉਣ ਲਈ ਖੇਤੀਬਾੜੀ ਵਿਭਾਗ ਦੀ ਕੀਤੀ ਸ਼ਲਾਘਾ

ਮੋਗਾ,19 ਅਕਤੂਬਰ( ਜਸ਼ਨ )ਮੁੱਖ ਖੇਤੀਬਾੜੀ ਅਫਸਰ ਡਾ. ਗੁਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਬਲਾਕ ਖੇਤੀਬਾੜੀ ਅਫਸਰ ਡਾ. ਗੁਰਬਾਜ ਸਿੰਘ ਦੀ ਯੋਗ ਅਗਵਾਈ ਹੇਠ ਅਸ਼ਵਨੀ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ ਸਰਕਲ ਜਲਾਲਾਬਾਦ ਪੂਰਬੀ ਵੱਲੋਂ ਪਿੰਡ ਲੁਹਾਰਾ ਵਿਖੇ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।ਇਸ ਮੌਕੇ ਜਗਜੀਵਨ ਸਿੰਘ ਮੌਜੂਦਾ ਸਰਪੰਚ ਲੁਹਾਰਾ, ਧਰਮਿੰਦਰ ਸਿੰਘ ਅਤੇ ਸਿਕੰਦਰ ਸਿੰਘ ਆਦਿ ਕਿਸਾਨ ਇਸ ਕਿਸਾਨ ਸਿਖਲਾਈ ਕੈਂਪ ਵਿੱਚ ਹਾਜ਼ਰ ਹੋਏ।ਸਰਪੰਚ ਜਗਜੀਵਨ ਸਿੰਘ ਲੁਹਾਰਾ ਨੇ ਕਿਸਾਨ ਸਿਖਲਾਈ ਕੈਂਪ ਲਗਾਉਣ ਲਈ  ਖੇਤੀਬਾੜੀ ਵਿਭਾਗ ਦੀ ਕੀਤੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕਿਸਾਨੀ ਨੂੰ ਪੈਰਾਂ ਸਿਰ ਕਰਨ ਲਈ ਵਿਭਾਗ ਨਿਰੰਤਰ ਯਤਨ ਕਰ ਰਿਹਾ ਹੈ। 

ਅਸ਼ਵਨੀ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ ਵੱਲੋਂ ਇਸ ਕੈਂਪ ਵਿੱਚ ਆਏ ਹੋਏ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਝੋਨਾ ਐਸ.ਐਮ.ਐਸ. ਲੱਗੀ ਕੰਬਾਈਨ ਨਾਲ ਕਟਵਾਉਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਸੁਪਰ ਸੀਡਰ ਮਲਚਰ ਹੈਪੀ ਸੀਡਰ ਪਲੋਅ ਆਦਿ ਮਸ਼ੀਨਾਂ ਦੀ ਵਰਤੋਂ ਕਰਕੇ ਬਿਜਾਈ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਸਾਨਾਂ ਨੂੰ ਕਣਕ ਦੀ ਬਿਜਾਈ ਕਣਕ ਦੇ ਬੀਜ ਦੀ ਸੋਧ ਕਰਕੇ ਕਰਨ ਲਈ ਕਿਹਾ ਅਤੇ ਕਣਕ ਵਿੱਚ ਆਉਣ ਵਾਲੀ ਗੁਲਾਬੀ ਸੁੰਡੀ ਦੇ ਹਮਲੇ ਬਾਰੇ ਅਤੇ ਇਸ ਦੀ ਰੋਕਥਾਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। 
ਇਸ ਤੋਂ ਇਲਾਵਾ ਅਮਨਦੀਪ ਸਿੰਘ ਜੂਨੀਅਰ ਤਕਨੀਸ਼ੀਅਨ ਵੱਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਵਿੱਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਸੁਚੱਜੀ ਵਰਤੋ ਅਤੇ ਸਾਂਭ ਸੰਭਾਲ ਸਬੰਧੀ ਨੁਕਤੇ ਸਾਂਝੇ ਕੀਤੇ ਗਏ ਅਤੇ ਇਹਨਾਂ ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ ਗਈ।