ਗੋਲੀਆਂ ਮਾਰ ਕੇ ਕਬੱਡੀ ਖਿਡਾਰੀ ਦਾ ਦਿਨ ਦਿਹਾੜੇ ਕਤਲ

ਜਗਰਾਓਂ, 31 ਅਕਤੂਬਰ (ਕੁਲਦੀਪ ਲੋਹਟ ) ਜਗਰਾਉ ਦੇ ਵਿਚ ਅੱਜ ਦਿਨ ਦਿਹਾੜੇ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ 25 ਸਾਲਾ ਕਬੱਡੀ ਖਿਡਾਰੀ ਤੇਜਪਾਲ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ । ਹੈਰਾਨੀ ਦੀ ਗੱਲ ਇਹ ਘਟਨਾ ਜਗਰਾਉ ਦੇ ਐਸ.ਐਸ.ਪੀ ਦਫ਼ਤਰ ਦੇ ਬਿਲਕੁਲ ਨੇੜੇ ਵਾਪਰੀ ਹੈ। ਜਿਉੰ ਹੀ ਘਟਨਾ ਵਾਪਰੀ ਤਾਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਬੰਧੀ ਸਾਰੀ ਜਾਣਕਾਰੀ ਹਾਸਿਲ ਕੀਤੀ ਤੇ ਮਿ੍ਤਕ ਦੀ ਲਾਸ਼ ਨੂੰ ਕਬਜੇ ਵਿੱਚ ਲੈ ਲਿਆ ਹੈ।ਪੁਲਿਸ ਨੇ ਮੌਕੇ 'ਤੇ ਚੱਲਿਆ ਕਾਰਤੂਸ ਵੀ ਬਰਾਮਦ ਕੀਤਾ ਹੈ।ਮਿ੍ਤਕ ਦੀ ਪਛਾਣ ਤੇਜਪਾਲ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਪਿੰਡ ਗਿੱਦੜਵਿੰਡੀ ਵਜੋਂ ਹੋਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮਿ੍ਤਕ ਤੇਜਪਾਲ ਸਿੰਘ ਕਬੱਡੀ ਖੇਡ ਦਾ ਨਾਮਵਰ ਖਿਡਾਰੀ ਸੀ ਤੇ ਕਬੱਡੀ ਜਗਤ ਵਿਚ ਤੇਜਤਰਾਰ ਖਿਡਾਰੀ ਵਜੋਂ ਜਾਣਿਆ ਜਾਂਦਾ ਸੀ। ਜਿਵੇਂ ਹੀ ਤੇਜਪਾਲ ਸਿੰਘ ਦੇ ਕਤਲ ਦੀ ਘਟਨਾਂ ਦੀ ਖ਼ਬਰ ਵਾਇਰਲ ਹੋਈ ਵੱਡੀ ਗਿਣਤੀ ਵਿਚ ਕਬੱਡੀ ਖਿਡਾਰੀਆਂ ਨੇ ਜਗਰਾਉ ਦੇ ਸਿਵਲ ਹਸਪਤਾਲ ਪੁੱਜ ਕੇ ਤੇਜਪਾਲ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਜਿੱਥੇ ਲੋਕਾਂ ਵਿਚ ਨੌਜਵਾਨ ਖਿਡਾਰੀ ਦੀ ਮੌਤ ਦਾ ਦਰਦ ਦੇਖਣ ਨੂੰ ਮਿਲ ਰਿਹਾ ਸੀ, ਉੱਥੇ ਹੀ ਲੋਕਾਂ ਵਿਚ ਗੁੱਸੇ ਦਾ ਰੋਹ ਵੀ ਦੇਖਣ ਨੂੰ ਮਿਲ ਰਿਹਾ ਸੀ।
ਘਟਨਾ ਤੋਂ ਬਾਅਦ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਸਿਵਲ ਹਸਪਤਾਲ ਪੁੱਜ ਕੇ ਘਟਨਾ ਸਬੰਧੀ ਜਾਣਕਾਰੀ ਹਾਸਿਲ ਕੀਤੀ ਤੇ ਪਰਿਵਾਰ ਨੂੰ ਪੂਰਨ ਇਨਸਾਫ ਦੇਣ ਦਾ ਭਰੋਸਾ ਵੀ ਦਿੱਤਾ।ਘਟਨਾ ਸਬੰਧੀ ਜਾਣਕਾਰੀ ਦਿੰਦਿਆ ਐਸ ਐਸ ਪੀ ਡਾ.ਅੰਕੁਰ ਗੁਪਤਾ ਨੇ ਦੱਸਿਆ ਕਿ ਇਕ ਮਾਮੂਲੀ ਘਟਨਾ ਨੂੰ ਲੈ ਕੇ ਤੇਜਪਾਲ ਸਿੰਘ ਤੇ ਹਨੀ ਰੂਮੀ ਵਿਚਾਲੇ ਤਕਰਾਰ ਹੋਇਆ ਸੀ ਤੇ ਇਸ ਤਕਰਾਰ ਤੋਂ ਬਾਅਦ ਹਨੀ ਰੂਮੀ ਨੇ ਤੇਜਪਾਲ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਡਾ, ਅੰਕਰ ਗੁਪਤਾ ਅਨੁਸਾਰ ਹਨੀ ਰੂਮੀ ਤੇ ਉਸਦੇ ਇਕ ਹੋਰ ਸਾਥੀ 'ਤੇ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।ਸਾਬਕਾ ਵਿਧਾਇਕ ਐਸ ਆਰ ਕਲੇਰ ਨੇ ਤੇਜਪਾਲ ਦੀ ਮੌਤ 'ਤੇ ਪੰਜਾਬ ਸਰਕਾਰ ਅਤੇ ਜਗਰਾਉ ਪ੍ਰਸਾਸਨ 'ਤੇ ਸਵਾਲ ਚੁੱਕੇ ਹਨ।ਐਸ.ਆਰ ਕਲੇਰ ਨੇ ਕਿਹਾ ਕਿ ਸੂਬੇ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਡਾਵਾਂਡੋਲ ਹੋ ਚੁੱਕੀ ਹੈ ਤੇ ਪੰਜਾਬ ਦੇ ਘਰਾਂ ਦੇ ਇਕਲੌਤੇ ਚਿਰਾਗ ਬੁਝ ਰਹੇ ਹਨ।


