ਡੇਰੇ ਦੇ ਸੇਵਾਦਾਰ ਅਤੇ ਦੋ ਹੋਰ ਸਾਥੀ ,ਚੋਰੀ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ

ਫਤਿਹਗੜ੍ਹ ਪੰਜਤੂਰ 8 ਫਰਵਰੀ (ਕੁਲਦੀਪ ਗਰੋਵਰ) ਥਾਣਾ ਫਤਿਹਗੜ੍ਹ ਪੰਜਤੂਰ ਪੁਲੀਸ ਵੱਲੋਂ ਧਾਰਮਿਕ ਡੇਰੇ ਦੇ ਸੇਵਾਦਾਰ ਅਤੇ ਉਸਦੇ ਦੋ ਹੋਰ ਸਾਥੀਆਂ ਉੱਤੇ ਬਿਜਲੀ ਦੀਆਂ ਮੋਟਰਾਂ ਤੇ ਹੋਰ ਸਾਮਾਨ ਦੀ ਚੋਰੀ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪੁਲੀਸ ਸੂਤਰਾਂ ਅਨੁਸਾਰ ਇਹ ਕਾਰਵਾਈ ਬਿਜਲੀ ਦੀ ਦੁਕਾਨ ਕਰਦੇ ਸੁਰਜੀਤ ਸਿੰਘ ਸੋਨੂੰ ਪੁੱਤਰ ਗੁਰ ਸਿੰਘ ਵਾਸੀ ਪਿੰਡ ਲੱਲੇ ਦੇ ਬਿਆਨਾਂ ਦੇ ਆਧਾਰ ਤੇ ਕੀਤੀ ਗਈ ਹੈ ਅਤੇ ਤਿੰਨ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਸੂਤਰਾਂ ਮੁਤਾਬਕ ਸੁਰਜੀਤ ਸਿੰਘ ਸੋਨੂੰ ਜੋਗੇਵਾਲਾ ਰੋਡ-ਫਤਿਹਗੜ੍ਹ ਪੰਜਤੂਰ ਵਿਖੇ ਬਿਜਲੀ ਮੋਟਰਾਂ ਦੀ ਦੁਕਾਨ ਕਰਦਾ ਹੈ ਜਿਸ ਦੀ ਦੁਕਾਨ ਵਿੱਚ ਬੀਤੀ ਰਾਤ ਛੱਤ ਨੂੰ ਪਾੜ ਲਗਾ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਦਾ ਪਤਾ ਤੜਕਸਾਰ ਲੱਗਣ ਤੋਂ ਬਾਅਦ ਜਦੋਂ ਉਸਨੇ ਮੁੱਢਲੀ ਪੜਤਾਲ ਕੀਤੀ ਤਾਂ ਡੇਰੇ ਦੇ ਸੇਵਾਦਾਰ ਦੀ ਇਸ ਚੋਰੀ ਦੀ ਵਾਰਦਾਤ ਵਿੱਚ ਸ਼ਮੂਲੀਅਤ ਦਾ ਸ਼ੱਕ ਹੋਇਆ। ਉਸ ਵਲੋਂ ਇਸ ਘਟਨਾ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ। ਜਿਸ ਸਬੰਧੀ ਪੁਲੀਸ ਦੀ ਜਾਂਚ ਦੌਰਾਨ ਡੇਰੇ ਦੇ ਸੇਵਾਦਾਰ ਸਮੇਤ ਦੋ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਵੀ ਸਾਹਮਣੇ ਆਈ। ਪੁਲੀਸ ਨੇ ਸ਼ਿਕਾਇਤਕਰਤਾ ਸੁਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਉੱਤੇ ਸੇਵਾਦਾਰ ਰਾਜਵਿੰਦਰ ਸਿੰਘ, ਕੁਲਵਿੰਦਰ ਸਿੰਘ ਲੱਲੇ ਅਤੇ ਕ੍ਰਿਸ਼ਨ ਫਤਹਿਗੜ ਪੰਜਤੂਰ ਵਿਰੁੱਧ ਮਾਮਲਾ ਦਰਜ ਕਰਕੇ ਤਫਤੀਸ਼ ਆਰੰਭ ਦਿੱਤੀ ਹੈ। ਤਫਤੀਸ਼ੀ ਅਫਸਰ ਏ ਐਸ ਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਚੋਰੀ ਕੀਤੇ ਸਾਮਾਨ ਦੇ ਨਾਲ ਇਕ ਛੋਟਾ ਹਾਥੀ ਅਤੇ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਬਾਕੀ ਤਫਤੀਸ਼ ਅਜੇ ਜਾਰੀ ਹੈ।


