ਭਗਤ ਰਵਿਦਾਸ ਦੇ ਜਨਮ ਦਿਹਾੜੇ ਸਬੰਧੀ ਨਗਰ ਕੀਰਤਨ ਸਜਾਇਆ

ਅਜੀਤਵਾਲ, 7 ਫਰਵਰੀ (ਬਿੱਟੂ ਗਰੋਵਰ) : ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਸਥਾਨਕ ਕਸਬੇ ਵਿਖੇ ਗੁਰਦੁਆਰਾ ਭਗਤ ਰਵਿਦਾਸ ਜੀ ਦੀ ਪ੍ਰਬੰਧਕ ਕਮੇਟੀ ਵੱਲੋ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ । ਸ੍ਰੀ ਗੁਰੂ ਗ੍ਰੰਥ ਸਹਿਬ ਜੀ ਮਹਾਰਾਜ ਬਹੁਤ ਹੀ ਸੁੰਦਰ ਪਾਲਕੀ ਵਿੱਚ ਬਿਰਾਜਮਾਨ ਸਨ ਤੇ ਸੰਗਤਾ ਪਿੱਛੇ ਪਿੱਛੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਚਲ ਰਹੀਆਂ ਸਨ। ਨਗਰ ਕੀਰਤਨ ਦੌਰਾਨ ਢਾਡੀ, ਕਵੀਸ਼ਰੀ ਤੇ ਰਾਗੀ ਜਥਿਆਂ ਨੇ ਮਨੋਹਰ ਕੀਰਤਨ ਰਾਹੀਂ ਸੰਗਤਾ ਨੂੰ ਨਿਹਾਲ ਕੀਤਾ। ਇਲਾਕੇ ਦੀ ਧਾਰਮਕ ਸ਼ਖ਼ਸੀਅਤ ਸੰਤ ਬਾਬਾ ਬਲਵਿੰਦਰ ਸਿੰਘ ਸਮਾਧਾਂ ਵਾਲਿਆਂ ਵਲੋਂ ਇਸ ਮੌਕੇ ਸੰਗਤਾਂ ਲਈ ਲੰਗਰ ਦੀ ਸੇਵਾ ਕੀਤੀ ਗਈ। ਇਸ ਮੌਕੇ ਕਮੇਟੀ ਪ੍ਰਧਾਨ ਗੁਰਮੀਤ ਸਿੰਘ, ਹਰਦੇਵ ਸਿੰਘ ਖ਼ਜ਼ਾਨਚੀ ਗੋਰਾ ਸਿੰਘ,ਡਾਕਟਰ ਮਲਕੀਤ ਸਿੰਘ ਅਜੀਤਵਾਲ ,ਜੱਗੂ ਸਿੰਘ, ਰਿੰਕੂ, ਲਖਵੀਰ ਸਿੰਘ ਲੱਖਾ, ਬਲਵੀਰ ਸਿੰਘ, ਗੁਰਮੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਤੇ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ।


