ਹੁਣ ਕੋਈ ਨਹੀਂ ਖੁੱਲ੍ਹੇ ਆਸਮਾਨ ਹੇਠ ਗੁਜ਼ਾਰੇਗਾ ਰਾਤ ,ਨਗਰ ਪੰਚਾਇਤ ਫਤਿਹਗੜ੍ਹ ਪੰਜਤੂਰ ਦੀ ਵੱਡੀ ਪਹਿਲ

ਫਤਿਹਗੜ੍ਹ ਪੰਜਤੂਰ 7 ਫਰਵਰੀ (ਕੁਲਦੀਪ ਗਰੋਵਰ)ਠੰਢ ਦੇ ਪ੍ਰਭਾਵ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਪੰਚਾਇਤ ਫਤਿਹਗੜ੍ਹ ਪੰਜਤੂਰ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕਰਦੇ ਹੋਏ ਬੇਘਰ ਅਤੇ ਖੁੱਲ੍ਹੇ ਆਸਮਾਨ ਹੇਠ ਰਾਤ ਗੁਜ਼ਾਰਨ ਵਾਲੇ ਲੋਕਾਂ ਲਈ ਧਰਮਕੋਟ ਰੋਡ ‘ਤੇ ਸਟੇਡੀਅਮ ਦੇ ਨੇੜੇ “ਆਸਰਾ” ਰੈਨ ਬਸੇਰਾ ਤਿਆਰ ਕੀਤਾ ਹੈ।
ਇਹ ਰੈਨ ਬਸੇਰਾ ਬੇਘਰ ਲੋਕਾਂ ਲਈ ਸਿਰਫ਼ ਇੱਕ ਇਮਾਰਤ ਨਹੀਂ, ਸਗੋਂ ਉਨ੍ਹਾਂ ਦੀ ਸੁਰੱਖਿਆ ਲਈ ਇਕ ਵੱਡਾ ਕਦਮ ਹੈ। ਇੱਥੇ ਲੋਕਾਂ ਲਈ ਬਿਸਤਰੇ, ਕੰਬਲ ਅਤੇ ਪੀਣ ਵਾਲੇ ਪਾਣੀ ਵਰਗੀਆਂ ਬੁਨਿਆਦੀ ਸੁਵਿਧਾਵਾਂ ਦਾ ਧਿਆਨ ਰੱਖਿਆ ਗਿਆ ਹੈ।
ਇਸ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਸ਼ਾਸਨ ਨੇ ਬਲਵਿੰਦਰ ਸਿੰਘ ਨੂੰ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਕਿਸੇ ਵੀ ਐਮਰਜੈਂਸੀ ਜਾਂ ਜਾਣਕਾਰੀ ਲਈ ਉਨ੍ਹਾਂ ਦਾ ਮੋਬਾਈਲ ਨੰਬਰ 85910-69262 ਜਾਰੀ ਕੀਤਾ ਗਿਆ ਹੈ।ਅਧਿਕਾਰੀਆਂ ਨੇ ਦੱਸਿਆ ਕਿ ਇਹ ਰੈਨ ਬਸੇਰਾ ਖ਼ਾਸ ਕਰਕੇ ਉਹਨਾਂ ਲੋਕਾਂ ਲਈ ਲਾਭਦਾਇਕ ਹੋਵੇਗਾ ਜੋ ਅਕਸਰ ਰਾਤ ਸਮੇਂ ਘੱਟ ਤਾਪਮਾਨ ਕਾਰਨ ਬੀਮਾਰ ਪੈ ਸਕਦੇ ਹਨ। ਇਸ ਲਈ ਇਹ ਥਾਂ ਉਨ੍ਹਾਂ ਲਈ ਵਰਦਾਨ ਸਾਬਤ ਹੋ ਸਕਦੀ ਹੈ।
ਨਗਰ ਪੰਚਾਇਤ ਨੇ ਸਥਾਨਕ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਬਾਜ਼ਾਰ ਜਾਂ ਧਾਰਮਿਕ ਥਾਵਾਂ ਦੇ ਨੇੜੇ ਕੋਈ ਜ਼ਰੂਰਤਮੰਦ ਵਿਅਕਤੀ ਸੌਂਦਾ ਦਿੱਸੇ ਤਾਂ ਉਸਨੂੰ ਇਸ ਰੈਨ ਬਸੇਰੇ ਬਾਰੇ ਜਾਣਕਾਰੀ ਦੇਣ।ਪ੍ਰਸ਼ਾਸਨ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਇੱਥੇ ਆਉਣ ਵਾਲੇ ਹਰ ਵਿਅਕਤੀ ਦੀ ਸਿਹਤ ਅਤੇ ਸੁਰੱਖਿਆ ਦਾ ਖਾਸ ਧਿਆਨ ਰੱਖਿਆ ਜਾਵੇਗਾ।