ਨੌਜਵਾਨ ਪੀੜ੍ਹੀ ’ਚ ਕਿਸਾਨੀ ਤੋਂ ਮੂਹ ਮੋੜਨਾ ਚਿੰਤਾਂ ਦਾ ਵਿਸ਼ਾ- ਡਾਇਰੈਕਟਰ ਖੇਤੀਬਾੜੀ ਵਿਭਾਗ ਡਾ ਗੁਰਜੀਤ ਸਿੰਘ ਬਰਾੜ

ਮੋਗਾ, 8 ਫ਼ਰਵਰੀ  ( ਜਸ਼ਨ )ਸੂਬੇ ਦੇ ਨਵੇਂ ਖੇਤੀਬਾੜੀ  ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾ ਗੁਰਜੀਤ ਸਿੰਘ ਬਰਾਡ਼ ਨੇ ਕਿਹਾ ਕਿ ਖੇਤਰੀ ਅਧਿਕਾਰੀਆਂ ਨੁੰ ਵਿਭਾਗੀ ਸਕੀਮਾਂ ਦੇ ਲਾਭਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ। ਉਹ ਇਥੇ ਇੱਕ ਸਮਾਜਿਕ ਸਮਾਗਮ ਵਿਚ ਸ਼ਿਰਕਤ ਕਰਨ ਆਏ ਸਨ। ਇਸ ਮੌਕੇ ਉਨ੍ਹਾਂ ਨਾਲ ਖੇਤੀ ਵਿਗਿਆਨੀ ਸਟੇਟ ਐਵਾਰਡੀ ਡਾ. ਜਸਵਿੰਦਰ ਸਿੰਘ ਬਰਾਡ਼ ਵੀ ਮੌਜੂਦ ਸਨ।  ਉਨ੍ਹਾਂ ਕਿਹਾ ਕਿ ਸੂੂੂਬੇ’ ਚ ਧਰਤੀ ਹੇਠਲਾ ਪਾਣੀ ਡਿੱਗਣ ਦੇ ਕਈ ਕਾਰਨ ਹਨ ਜਿਵੇਂ ਕਿ ਪੰਜਾਬ ਵਿਚ 1973 ਤੋਂ ਪਿੱਛੋਂ ਪਰੰਪਰਾਗਤ ਤੌਰ ਉੱਤੇ ਗੈਰ-ਝੋਨਾ ਖੇਤਰਾਂ ਅਤੇ ਬਹੁਤ ਹੀ ਘੱਟ ਬਾਰਿਸ਼ ਹੋਣ ਵਾਲੇ ਇਲਾਕਿਆਂ ਵਿਚ ਝੋਨੇ ਦੀ ਫ਼ਸਲ ਵਿਚ ਬਹੁਤ ਤੇਜ਼ੀ ਨਾਲ ਵਾਧਾ ਹੋਣਾ ਵੀ ਹੈ। ਫਸਲਾਂ ਪੈਦਾ ਕਰਨ ਲਈ ਸਿੰਚਾਈ ਵਾਲੇ ਪਾਣੀ ਦੀ ਉਪਲਬਧਤਾ ਮੁਕਾਬਲੇ ਕਿਤੇ ਵੱਧ ਵਰਤੋਂ ਹੋ ਰਹੀ ਹੈ। ਫ਼ਸਲਾ ਦਾ ਧਰਤੀ ਹੇਠਲੇ ਪਾਣੀ ਦੇ ਸੰਤੁਲਨ ਵਿਚ ਗੂਡ਼੍ਹਾ ਸਹਿ-ਸਬੰਧ ਹੈ। ਵਿਭਾਗ ਬੀਤੇ ਵਰ੍ਹੇ ਆਏ ਹੜ੍ਹਾਂ ਨਾਲ ਨੁਕਸਾਨੇ ਗਏ ਇਲਾਕਿਆਂ ’ਚ ਕਿਸਾਨਾਂ ਦੀ ਬੰਜ਼ਰ ਹੋ ਚੁੱਕੀ ਜਮੀਨ ਅਤੇ ਹੋਰ ਸਮੱਸਿਆਵਾਂ ਦੂਰ ਕਰਨ ਲਈ ਯਤਨਸ਼ੀਲ ਹੈ। 

ਉਨ੍ਹਾਂ ਅੱਗੇ ਕਿਹਾ ਕਿ ਪਾਣੀ ਅਤੇ ਜ਼ਮੀਨ ਵਰਗੇ ਕੁਦਰਤੀ ਸਰੋਤਾਂ ਦੇ ਉਚਿਤ ਪ੍ਰਬੰਧਨ ਅਤੇ ਪੌਣ-ਪਾਣੀ-ਸਮਾਰਟ ਤਕਨਾਲੋਜੀ ਜਿਵੇਂ ਜ਼ੀਰੋ-ਟਿਲੇਜ, ਤੁਪਕਾ ਸਿੰਚਾਈ ਅਤੇ ਸੋਕਾ, ਹਡ਼੍ਹ, ਗਰਮੀ, ਠੰਡ ਅਤੇ ਕੀਟ ਰੋਧਕ ਫਸਲਾਂ ਦੀਆਂ ਕਿਸਮਾਂ ਅਪਣਾਉਣ ਅਤੇ ਛੋਟੇ ਕਿਸਾਨਾਂ ਲਈ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਖੇਤੀ ਖੇਤਰ ਵਿਚ ਸੁਧਾਰਾਂ ਲਈ ਵਿਭਾਗ ਪੂਰੀ ਤਰ੍ਹਾਂ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖੇਤੀਬਾਡ਼ੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਯੋਗ ਅਗਵਾਈ ਹੇਠ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਗਿਰਾਵਟ, ਪਾਣੀ ਦੇ ਪੱਧਰ ਵਿਚ ਤਬਦੀਲੀ ਅਤੇ ਪੌਣ-ਪਾਣੀ ਵਰਗੀਆਂ ਚੁਣੌਤੀਆਂ ਦੇ ਹੱਲ ਲਈ ਵੀ ਠੋਸ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਪੀਡ਼੍ਹੀ ’ਚ ਕਿਸਾਨੀ ਤੋਂ ਮੂਹ ਮੋਡ਼ਨਾ ਚਿੰਤਾਂ ਦਾ ਵਿਸ਼ਾ ਹੈ। ਵਿਭਾਗ ਨੌਜਵਾਨ ਪੀਡ਼੍ਹੀ ਨੂੰ ਜਾਗਰੂਕ ਕਰਕੇ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਉਪਰਾਲੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਸੂਬੇ ਦੇ ਕਿਸਾਨਾਂ ਨੂੰ ਮਿਆਰੀ ਕਿਸਮ ਦੇ ਖੇਤੀ ਇਨਪੁਟਸ ਮੁਹਈਆ ਕਰਵਾਉਣ ਲਈ ਵਚਨਵੱਧ ਹੈ। ਸੂਬੇ ਵਿੱਚ ਕਿਸਾਨਾ ਦੀ ਆਮਦਨ ਵਧਾਉਣ ਅਤੇ ਕਣਕ ਝੋਨੇ ਦੇ ਫ਼ਸਲੀ ਚੱਕਰ ਨੂੰ ਘਟਾਉਣ ਅਤੇ ਸਹਾਇਕ ਖੇਤੀ ਧੰਦਿਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਕਿਸਾਨ ਭਲਾਈ ਯੋਜਨਾਵਾਂ ਨੂੰ ਧੁਰ ਅੰਦਰ ਕਿਸਾਨਾ ਤੱਕ ਪਹੁੰਚਾਉਣ ਅਤੇ ਸਤੁਲਿਤ ਖਾਦਾਂ ਦੀ ਵਰਤੋਂ ਕਰਨ ਬਾਰੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸ ਮੌਕੇ ਤੇ ਸਾਬਕਾ ਡਿਪਟੀ ਡਾਇਰੈਕਟਰ ਡਾ ਜਸਵਿੰਦਰ ਸਿੰਘ ਬਰਾੜ ਨੇ ਕਿਸਾਨੀ ਸੰਕਟ ਨਾਲ ਸਬੰਧਿਤ ਚਣੋਤੀਆਂ ਤੇ ਸਮੱਸਿਆਵਾਂ ਤੋਂ ਇਲਾਵਾ ਵਿਭਾਗ ਵਿੱਚ ਕੰਮ ਕਰਦੇ ਅਤੇ ਸੇਵਾ ਮੁਕਤ ਅਧਿਕਾਰੀਆਂ , ਕਰਮਚਾਰੀਆਂ ਦੀਆਂ ਸਮੱਸਿਆਵਾਂ ਤੇ ਮੰਗਾਂ ਬਾਰੇ ਵੀ ਵਿਸਥਾਰਪੂਰਵਕ ਚਰਚਾ ਕੀਤੀ । ਡਾਇਰੈਕਟਰ ਖੇਤੀਬਾੜੀ ਡਾ ਗੁਰਜੀਤ ਸਿੰਘ ਬਰਾੜ ਨੇ ਕਿਹਾ ਕਿ ਉਹ ਟੀਮ ਦੇ ਤੌਰ ਤੇ ਸਾਰਿਆਂ ਦੇ ਸਹਿਯੋਗ ਨਾਲ ਪਹਿਲ ਦੇ ਆਧਾਰ ਤੇ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਯਤਨ ਕਰਨਗੇ ।  ਡਾ ਜਸਵਿੰਦਰ ਸਿੰਘ ਬਰਾੜ ਨੇ ਡਾਇਰੈਕਟਰ ਖੇਤੀਬਾੜੀ ਪੰਜਾਬ ਡਾ ਗੁਰਜੀਤ ਸਿੰਘ ਬਰਾੜ ਨਾਲ ਕਿਸਾਨੀ ਮੁੱਦਿਆਂ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਿੱਚ ਮੌਜੂਦਾ ਤੇ ਸੇਵਾਮੁਕਤ ਅਧਿਕਾਰੀਆਂ ਕਰਮਚਾਰੀਆਂ ਦੀਆਂ ਸਮੱਸਿਆਵਾਂ ਤੇ ਮੰਗਾਂ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ । ਇਸ ਮੌਕੇ ਡਾਇਰੈਕਟਰ ਖੇਤੀਬਾੜੀ ਨੇ ਕਿਹਾ ਕਿ ਉਹ ਕਿਸਾਨ ਹਿੱਤ ਵਿੱਚ ਸਾਰਿਆਂ ਦੇ ਸਹਿਯੋਗ ਨਾਲ ਦਰਪੇਸ਼ ਚੁਣੌਤੀਆਂ ਤੇ ਸਮੱਸਿਆਵਾਂ ਦੇ ਨਿਪਟਾਰੇ ਲਈ ਨਿਰੰਤਰ ਯਤਨਸ਼ੀਲ ਰਹਿਣਗੇ