ਸਾਬਕਾ ਵਿਧਾਇਕ ਸਰਦਾਰ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਅਤੇ ਪਰਿਵਾਰ ਨੇ ਪੰਜਾਬੀਆਂ ਨੂੰ ਦਿੱਤੀਆਂ ਵਿਸਾਖੀ ਦੀਆਂ ਮੁਬਾਰਕਾਂ

ਧਰਮਕੋਟ , 13 ਅਪ੍ਰੈਲ (ਜਸ਼ਨ) ਸਾਬਕਾ ਵਿਧਾਇਕ ਸਰਦਾਰ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਵਿਸ਼ਵ ਭਰ ਵਿੱਚ ਵੱਸਦੇ ਸਮੂਹ ਪੰਜਾਬੀ ਭਾਈਚਾਰੇ ਨੂੰ ਵਿਸਾਖੀ ਦੇ ਇਸ ਪਵਿੱਤਰ ਮੌਕੇ ‘ਤੇ ਦਿਲੋਂ ਲੱਖ-ਲੱਖ ਵਧਾਈਆਂ ਦਿੱਤੀਆਂ। ਸਰਦਾਰ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਤੋਂ ਇਲਾਵਾ ਉਹਨਾਂ ਦੇ ਭਰਾ ਇਕਬਾਲ ਸਿੰਘ ਸਮਰਾ,ਜਗਤਾਰ ਸਿੰਘ ਸਮਰਾ ਅਤੇ ਸੁਖਮੰਦਰ ਸਿੰਘ ਸਮਰਾ ਤੋਂ ਇਲਾਵਾ ਪਰਿਵਾਰਿਕ ਮੈਂਬਰਾਂ ਮਨੀ ਸਮਰਾ, ਰੁਪਿੰਦਰ ਸਮਰਾ,ਡਾ.ਭੁਪਿੰਦਰ ਸਿੰਘ ਸਮਰਾ, ਅਮਨ ਸਮਰਾ, ਸੂਖਮ ਸਮਰਾ ਅਤੇ ਜਗਦੀਪ ਸਮਰਾ ਨੇ ਪੰਜਾਬੀਆਂ ਲਈ ਅਕਾਲ ਪੁਰਖ ਦੇ ਸਨਮੁਖ ਅਰਦਾਸ ਕਰਦਿਆਂ ਪੰਜਾਬੀਆਂ ਵਾਸਤੇ ਸਿਹਤਮੰਦ ਜੀਵਨ, ਖੁਸ਼ੀਆਂ ਅਤੇ ਚੜ੍ਹਦੀ ਕਲਾ ਬਖ਼ਸ਼ਣ ਦੀ ਕਾਮਨਾ ਕੀਤੀ । ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਆਖਿਆ ਕਿ ਵਿਸਾਖੀ ਸਾਡੀ ਧਰਤੀ, ਸਾਡੀ ਮਿਹਨਤ ਅਤੇ ਸਾਡੀ ਸ਼ਾਨ ਦਾ ਪ੍ਰਤੀਕ ਹੈ। ਇਹ ਉਹ ਦਿਨ ਹੈ ਜਦੋਂ ਸਾਡਾ ਕਿਸਾਨ ਆਪਣੀ ਸਾਲ ਭਰ ਦੀ ਸਖ਼ਤ ਮਿਹਨਤ ਦਾ ਫਲ ਪ੍ਰਾਪਤ ਕਰਦਾ ਹੈ। ਖੇਤਾਂ ਵਿੱਚ ਲਹਿਰਾਉਂਦੀ ਸੋਨੇ ਵਰਗੀ ਕਣਕ ਦੀ ਫਸਲ ਸਿਰਫ਼ ਖੁਸ਼ਹਾਲੀ ਦੀ ਨਿਸ਼ਾਨੀ ਨਹੀਂ, ਸਗੋਂ ਪੰਜਾਬ ਦੀ ਆਰਥਿਕ ਮਜ਼ਬੂਤੀ ਅਤੇ ਅਟੱਲ ਹਿੰਮਤ ਦਾ ਪ੍ਰਤੀਕ ਹੈ। ਅੱਜ ਦੇ ਦਿਨ ਅਸੀਂ ਆਪਣੇ ਅੰਨਦਾਤਾ ਨੂੰ ਸਤਿਕਾਰ ਦਿੰਦੇ ਹਾਂ ਅਤੇ ਉਨ੍ਹਾਂ ਦੀ ਭਲਾਈ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹਾਂ। ਉਹਨਾਂ ਆਖਿਆ ਕਿ ਬੇਸ਼ੱਕ ਹਾਲ ਦੀ ਘੜੀ ਕਿਸਾਨ ਬੇਮੌਸਮੇ ਮੀਹਂ ਕਾਰਨ ਸੰਕਟ ਵਿਚ ਹੈ ਪਰ ਮਜਬੂਤ ਇਰਾਦੇ ਸਦਕਾ ਅਸੀਂ ਇਸ ਸੰਕਟ ਵਿੱਚੋਂ ਵੀ ਉਭਰਨ ਵਿਚ ਕਾਮਯਾਬ ਹੋਵਾਂਗੇ ।
ਦਰਵੇਸ਼ ਸਿਆਸਤਦਾਨ ਕਾਕਾ ਲੋਹਗੜ੍ਹ ਨੇ ਕਿਹਾ ਕਿ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਾਜੇ ਖਾਲਸਾ ਪੰਥ ਤੋਂ ਇਲਾਵਾ ਵਿਸਾਖੀ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਮਨਾਉਣ ਦਾ ਦਿਨ ਵੀ ਹੈ। ਪਿੰਡਾਂ ਤੇ ਸ਼ਹਿਰਾਂ ਵਿੱਚ ਲੱਗਦੇ ਮੇਲਿਆਂ ਵਿਚ ਦਿਖਾਈ ਦਿੰਦੀ ਭਾਈਚਾਰੇ ਦੀ ਭਾਵਨਾ ਸਾਡੇ ਸਮਾਜ ਦੀ ਏਕਤਾ ਅਤੇ ਤਾਕਤ ਨੂੰ ਦਰਸਾਉਂਦੀ ਹੈ। ਗੁਰਦੁਆਰਿਆਂ ਵਿੱਚ ਕੀਰਤਨ ਅਤੇ ਲੰਗਰ ਸੇਵਾ ਸਾਨੂੰ ਬਰਾਬਰੀ ਅਤੇ ਸੇਵਾ ਦੇ ਸਿਧਾਂਤ ਸਿਖਾਉਂਦੀ ਹੈ।ਉਹਨਾਂ ਕਿਹਾ ਕਿ ਇਸ ਮੌਕੇ ‘ਤੇ ਸਾਨੂੰ ਸਭ ਨੂੰ ਮਿਲ ਕੇ ਪੰਜਾਬ ਦੀ ਤਰੱਕੀ, ਕਿਸਾਨਾਂ ਦੀ ਖੁਸ਼ਹਾਲੀ ਅਤੇ ਨੌਜਵਾਨਾਂ ਦੇ ਚੰਗੇ ਭਵਿੱਖ ਲਈ ਕੰਮ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਆਓ ਅਸੀਂ ਇਕੱਠੇ ਹੋ ਕੇ ਇੱਕ ਮਜ਼ਬੂਤ, ਖੁਸ਼ਹਾਲ ਅਤੇ ਇਕਜੁੱਟ ਸਮਾਜ ਦੀ ਨਿਰਮਾਣ ਵੱਲ ਕਦਮ ਵਧਾਈਏ।


