ਬਲਾਕ ਸੰਮਤੀ ਚੇਅਰਮੈਨ ਤੇ ਵਾਈਸ ਚੇਅਰਪਰਸਨ ਦੀ ਤਾਜਪੋਸ਼ੀ ਮੌਕੇ , ਵਿਧਾਇਕ ਬਿਲਾਸਪੁਰ ਨੇ ਦਿੱਤੀਆਂ ਸ਼ੁਭਕਾਮਨਾਵਾਂ

ਮੋਗਾ, 14 ਅਪ੍ਰੈਲ (ਜਸ਼ਨ ) ਨਿਹਾਲ ਸਿੰਘ ਵਾਲਾ ਦੀ ਬਲਾਕ ਸੰਮਤੀ ਦੇ ਚੇਅਰਮੈਨ ਹਰਜਿੰਦਰ ਸਿੰਘ ਕੋਕਰੀ ਕਲਾਂ ਅਤੇ ਵਾਈਸ ਚੇਅਰਪਰਸਨ ਬੀਬੀ ਜਸਵੰਤ ਕੌਰ ਬਿਲਾਸਪੁਰ ਦੀ ਤਾਜਪੋਸ਼ੀ ਤੋਂ ਪਹਿਲਾਂ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ। ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਅਹਿਮ ਹਸਤੀਆਂ ਦੀ ਮੌਜ਼ੂਦਗੀ ਵਿੱਚ ਚੇਅਰਮੈਨ ਅਤੇ ਵਾਇਸ ਚੇਅਰਪਰਸਨ ਦੀ ਤਾਜਪੋਸ਼ੀ ਕੀਤੀ। ਭਰਵੀਂ ਇਕੱਤਰਤਾ ਦੌਰਾਨ ਵਿਧਾਇਕ ਨੇ ਕਿਹਾ ਕਿ ਲੋਕਤੰਤਰ ਦੀ ਬਲਾਕ ਪੱਧਰੀ ਕੜੀ ਬਲਾਕ ਸੰਮਤੀ ਦੀ ਇਹ ਜ਼ੁੰਮੇਂਵਾਰੀ ਇਨ੍ਹਾਂ ਹਸਤੀਆਂ ਨੂੰ ਸੌਂਪਦਿਆਂ ਸਾਨੂੰ ਮਾਣ ਅਤੇ ਤਸੱਲੀ ਮਹਿਸੂਸ ਹੋ ਰਹੀ ਹੈ ਕਿ ਜਮਹੂਰੀਅਤ ਤਹਿਤ ਮਿਲੇ ਅਧਿਕਾਰਾਂ ਨਾਲ ਇਨ੍ਹਾਂ ਵੱਲੋਂ ਆਪਣੇ ਇਲਾਕੇ ਦੇ ਵਿਕਾਸ ਵਿੱਚ ਭਰਵਾਂ ਯੋਗਦਾਨ ਪਾਇਆ ਜਾਵੇਗਾ। ਇਨ੍ਹਾਂ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਅਤੇ ਮਸਲਿਆਂ ਦੇ ਹੱਲ ਨੂੰ ਪ੍ਰਮੁੱਖਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਿਕਾਸ ਕਾਰਜਾਂ ਨੂੰ ਪਹਿਲੀ ਤਰਜੀਹ ਦੇ ਰਹੀ ਹੈ। ਉਨ੍ਹਾਂ ਨੇ ਦੋਵਾਂ ਆਹੁਦੇਦਾਰਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਆਪਣੇ ਫਰਜ਼ ਸੁਹਿਰਦਤਾ ਨਾਲ ਨਿਭਾਉਣ ਦੀ ਅਪੀਲ ਕੀਤੀ। ਇਸ ਸਮੇਂ ਚੇਅਰਮੈਨ ਹਰਜਿੰਦਰ ਸਿੰਘ ਕੋਕਰੀ ਕਲਾਂ ਅਤੇ ਵਾਈਸ ਚੇਅਰਪਰਸਨ ਬੀਬੀ ਜਸਵੰਤ ਕੌਰ ਬਿਲਾਸਪੁਰ ਨੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਸਮੁੱਚੀ ਲੀਡਰਸ਼ਿਪ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਹਲਕੇ ਦੇ ਵੋਟਰਾਂ ਅਤੇ ਆਮ ਲੋਕਾਂ ਦੀਆਂ ਇੱਛਾਵਾਂ ਤੇ ਖ਼ਰੇ ਉਤਰਨ ਲਈ ਪੂਰਾ ਤਾਣ ਲਗਾ ਦੇਣਗਾ। ਉਹ ਕਿਹਾ ਕਿ ਅਸੀਂ ਪੂਰਾ ਵਿਸ਼ਵਾਸ ਦਿਵਾਉਂਦੇ ਹਾਂ ਕਿ ਆਪਣੇ ਵੋਟਰਾਂ ਦੇ ਭਰੋਸੇ ਤੇ ਪੂਰਾ ਉਤਰਨਗੇ। ਇਸ ਸਮੇਂ ਹਾਜ਼ਰ ਸਖਸ਼ੀਅਤਾਂ ਨੇ ਚੇਅਰਮੈਨ ਹਰਜਿੰਦਰ ਸਿੰਘ ਕੋਕਰੀ ਕਲਾਂ ਅਤੇ ਵਾਈਸ ਚੇਅਰਪਰਸਨ ਬੀਬੀ ਜਸਵੰਤ ਕੌਰ ਬਿਲਾਸਪੁਰ ਨੂੰ ਮੁਬਾਰਕਬਾਦ ਦਿੱਤੀ।


