ਮੋਗੇ ਦੀ ਸਿਆਸਤ ਦੇ ਸਮੀਕਰਣ ਬਦਲਣ 'ਚ ਕਾਮਯਾਬ ਹੋ ਰਹੇ ਨੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ

ਮੋਗਾ ,19 ਅਪ੍ਰੈਲ (ਜਸ਼ਨ ) ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਵਿਧਾਨ ਸਭਾ ਹਲਕਾ ਮੋਗਾ ਅੰਦਰ ਕਾਂਗਰਸ ਦਾ ’ਝੰਡਾ’ ਬੁਲੰਦ ਕਰ ਰਹੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਵਲੋਂ ਕਾਂਗਰਸੀਆਂ ਵਿਚ ਫੂਕੀ ਨਵੀਂ ਰੂਹ ਨੇ ,ਹਲਕੇ ਦੇ ਸਿਆਸੀ ਸਮੀਕਰਨ ਬਦਲ ਕੇ ਰੱਖ ਦਿੱਤੇ ਹਨ ਤੇ ਹਲਕੇ ਵਿਚ ਕਾਂਗਰਸ ਦੀ ਅਜਿਹੀ ’ਤੂਤੀ’ ਬੋਲਣ ਲੱਗੀ ਹੈ ਕਿ ਘਰਾਂ ਵਿਚ ਨਿਰਾਸ਼ ਬੈਠੇ ਕਾਂਗਰਸ ਦੇ ਆਗੂ ਤੇ ਵਰਕਰ ਵੀ ਸ੍ਰੀ ਵਿਨੋਦ ਬਾਂਸਲ ਦੀ ਅਗਵਾਈ ਹੇਠ ਕਾਂਗਰਸੀ ਸਫ਼ਾ ਵਿਚ ਮੁੜ ਸਰਗਰਮ ਹੋ ਰਹੇ ਹਨ। ਸਭ ਤੋਂ ਸ਼ੁੱਭ ਸੰਕੇਤ ਕਾਂਗਰਸ ਪਾਰਟੀ ਲਈ ਇਹ ਮੰਨਿਆ ਜਾ ਰਿਹਾ ਹੈ ਕਿ ਸ਼ਹਿਰ ਮਗਰੋਂ ਸ੍ਰੀ ਵਿਨੋਦ ਬਾਂਸਲ ਦਾ ਕਾਫ਼ਲਾ ਪਿੰਡਾਂ ਵਿਚ ਵੀ ਭਾਰੀ ਹੋ ਰਿਹਾ ਹੈ। ਪਿੰਡ ਸਾਫ਼ੂਵਾਲਾ ਵਿਖੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਮਗਰੋਂ ਗੱਲਬਾਤ ਕਰਦਿਆਂ ਸ੍ਰੀ ਵਿਨੋਦ ਬਾਂਸਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਅਗਾਮੀ ਚੋਣਾਂ ਲਈ ਉਹ ਹਲਕੇ ਦੇ ਲੋਕਾਂ ਨੂੰ ਮਿਲਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਬਾਰੇ ਚਰਚਾ ਕਰਨ ਦੇ ਨਾਲ ਹਲਕੇ ਦੇ ਲੋਕਾਂ ਦੀਆਂ ਭਾਵਨਾਵਾਂ ਅਤੇ ਦੁੱਖ ਤਕਲੀਫਾਂ ਵੀ ਸੁਣ ਰਹੇ ਹਨ। ਪੱਤਰਕਾਰਾਂ ਵੱਲੋਂ ਪੁੱਛਣ ਤੇ ਕਿ ਕੀ ਉਹ ਸਾਲ 2027 ਦੀਆਂ ਚੋਣਾਂ ਵਿਚ ਮੋਗਾ ਹਲਕੇ ਤੋਂ ਚੋਣ ਲੜਨਗੇ ਤਾਂ ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਹਾਈ ਕਮਾਂਡ ਉਨ੍ਹਾਂ ਨੂੰ ਟਿਕਟ ਦੇ ਕੇ ਨਿਵਾਜਦੀ ਹੈ ਤਾਂ ਉਹ ਹਲਕੇ ਦੇ ਇੱਕ ਸੇਵਾਦਾਰ ਵਜੋਂ ਜਰੂਰ ਚੋਣ ਲੜਨਗੇ ਅਤੇ ਹਲਕੇ ਦੇ ਲੋਕ ਉਨ੍ਹਾਂ ਨਾਲ ਹਨ ਤੇ ਉਹ ਯਕੀਨੀ ਤੌਰ ਤੇ ਜਿੱਤ ਪ੍ਰਾਪਤ ਕਰਕੇ ਹਲਕਾ ਮੋਗਾ ਦੀ ਸੇਵਾ ਕਰਨਗੇ। ਉਨ੍ਹਾਂ ਕਿਹਾ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਆਏਗੀ ਅਤੇ ਸੂਬੇ ਨੂੰ ਵਿਕਾਸ ਪੱਖੋਂ ਮੋਹਰੀ ਸੂਬਾ ਬਣਾਇਆ ਜਾਵੇਗਾ।


