ਮੋਗਾ ਨਗਰ ਨਿਗਮ ਚੋਣਾਂ: ਜਿੱਤ ਦੇ ਸੰਕਲਪ ਨਾਲ ਮੈਦਾਨ ਵਿੱਚ ਉਤਰੇਗੀ ਭਾਜਪਾ : ਡਾ. ਹਰਜੋਤ ਕਮਲ

ਮੋਗਾ,20 ਅਪ੍ਰੈਲ (ਜਸ਼ਨ ) ਭਾਰਤੀ ਜਨਤਾ ਪਾਰਟੀ ਨੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਆਪਣੀ ਰਣਨੀਤੀ ਨੂੰ ਅੰਤਿਮ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਹ ਚੋਣ ਜਿੱਤ ਦੇ ਸੰਕਲਪ ਨਾਲ ਲੜੇਗੀ। ਇਸੇ ਦਿਸ਼ਾ ਵਿੱਚ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਚੋਣਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਇੱਕ ਵਿਸ਼ੇਸ਼ ਕੈਂਪੇਨ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਵਿੱਚ ਮੋਹਨ ਲਾਲ ਸੇਠੀ, ਹੀਰਾਲਾਲ ਸ਼ਰਮਾ, ਤਰਲੋਚਨ ਸਿੰਘ ਗਿੱਲ, ਡਾ. ਸੀਮਾਂਤ ਗਰਗ, ਵਿਜੈ ਸ਼ਰਮਾ, ਵਿਨੇ ਸ਼ਰਮਾ, ਸਾਬਕਾ ਮੇਅਰ ਅਕਸ਼ਿਤ ਜੈਨ, ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ ਅਤੇ ਸਾਬਕਾ ਡੀ.ਜੀ.ਪੀ. ਪਰਮਦੀਪ ਸਿੰਘ ਗਿੱਲ ਨੂੰ ਸ਼ਾਮਲ ਕੀਤਾ ਗਿਆ ਹੈ। ਕੋਰਡੀਨੇਟਰ ਰਾਕੇਸ਼ ਸ਼ਰਮਾ ਨੇ ਕਿਹਾ ਕਿ ਉਹ ਸਾਰੇ ਕਾਰਕੁਨਾਂ ਨੂੰ ਨਾਲ ਲੈ ਕੇ ਜਿੰਮੇਵਾਰੀਆਂ ਦਾ ਸਪੱਸ਼ਟ ਵੰਡ ਕਰਨਗੇ ਅਤੇ ਪਾਰਟੀ ਦੇ ਟੀਚੇ ਨੂੰ ਹਾਸਲ ਕਰਨ ਲਈ ਪੂਰੀ ਮਿਹਨਤ ਨਾਲ ਕੰਮ ਕਰਨਗੇ। ਉਨ੍ਹਾਂ ਨੇ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਾਫ-ਸੁਥਰੇ, ਪਾਰਦਰਸ਼ੀ ਅਤੇ ਵਿਵਸਥਿਤ ਸ਼ਹਿਰ ਦੇ ਨਿਰਮਾਣ ਲਈ ਭਾਜਪਾ ਦਾ ਸਾਥ ਦੇਣ। ਪਾਰਟੀ ਪਹਿਲਾਂ ਹੀ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਕੁਸ਼ਲ ਰਣਨੀਤਿਕਾਰ ਰਾਕੇਸ਼ ਸ਼ਰਮਾ ਨੂੰ ਮੋਗਾ ਨਗਰ ਨਿਗਮ ਚੋਣਾਂ ਦਾ ਕੋਆਰਡੀਨੇਟਰ ਨਿਯੁਕਤ ਕਰ ਚੁੱਕੀ ਹੈ। ਉਨ੍ਹਾਂ ਦੀ ਅਗਵਾਈ ਹੇਠ ਪੂਰੇ ਸੰਗਠਨਾਤਮਕ ਢਾਂਚੇ ਨੂੰ ਸਰਗਰਮ ਕੀਤਾ ਜਾ ਰਿਹਾ ਹੈ, ਤਾਂ ਜੋ ਪਾਰਟੀ ਦੇ ਉਮੀਦਵਾਰ ਨਾ ਸਿਰਫ਼ ਮਜ਼ਬੂਤੀ ਨਾਲ ਮੈਦਾਨ ਵਿੱਚ ਉਤਰਨ, ਸਗੋਂ ਉਨ੍ਹਾਂ ਦੀ ਜਿੱਤ ਲਈ ਰਣਨੀਤੀ ਵੀ ਪਹਿਲਾਂ ਤੋਂ ਹੀ ਗ੍ਰਾਊਂਡ ਲੈਵਲ ਤੇ ਤਿਆਰ ਕੀਤੀ ਜਾ ਸਕੇ। ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਦੱਸਿਆ ਕਿ ਕੋਰ ਕਮੇਟੀ ਅਤੇ ਆਹੁਦੇਦਾਰਾਂ ਨਾਲ ਹੋਈ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਮੋਗਾ ਨਗਰ ਨਿਗਮ ਖੇਤਰ ਨੂੰ ਚਾਰ ਜ਼ੋਨਾਂ ਵਿੱਚ ਵੰਡ ਕੇ ਹਰ ਜ਼ੋਨ ਵਿੱਚ ਪ੍ਰਭਾਰੀ ਨਿਯੁਕਤ ਕੀਤੇ ਜਾਣ। ਇਸ ਅਨੁਸਾਰ ਪਹਿਲੇ ਜ਼ੋਨ ਦੀ ਜਿੰਮੇਵਾਰੀ ਜ਼ਿਲ੍ਹਾ ਉਪ ਪ੍ਰਧਾਨ ਦੇਵਪ੍ਰਿਯ ਤਿਆਗੀ, ਦੂਜੇ ਜ਼ੋਨ ਵਿੱਚ ਐਡਵੋਕੇਟ ਨਿਸ਼ਾਂਤ ਕੌਸ਼ਿਕ, ਤੀਜੇ ਜ਼ੋਨ ਵਿੱਚ ਰਾਜਪਾਲ ਠਾਕੁਰ ਅਤੇ ਚੌਥੇ ਜ਼ੋਨ ਵਿੱਚ ਮੁਖਤਿਆਰ ਸਿੰਘ ਨੂੰ ਸੌਂਪੀ ਗਈ ਹੈ। ਇਸ ਤੋਂ ਇਲਾਵਾ ਨਗਰ ਪੰਚਾਇਤ ਕੋਟ ਈਸੇ ਖਾਂ ਦੀ ਚੋਣ ਦੀ ਜਿੰਮੇਵਾਰੀ ਜ਼ਿਲ੍ਹਾ ਮਹਾਮੰਤਰੀ ਸ਼ਮਸ਼ੇਰ ਸਿੰਘ ਕੇਲਾ ਨੂੰ ਦਿੱਤੀ ਗਈ ਹੈ। ਪਾਰਟੀ ਦਾ ਮੰਨਣਾ ਹੈ ਕਿ ਮਜ਼ਬੂਤ ਸੰਗਠਨ, ਸਪੱਸ਼ਟ ਰਣਨੀਤੀ ਅਤੇ ਵਰਕਰਾਂ ਦੀ ਇੱਕਜੁਟਤਾ ਦੇ ਬਲ ਤੇ ਭਾਜਪਾ ਮੋਗਾ ਨਗਰ ਨਿਗਮ ਚੋਣਾਂ ਵਿੱਚ ਵਧੀਆ ਪ੍ਰਦਰਸ਼ਨ ਕਰੇਗੀ ਅਤੇ ਜਿੱਤ ਦਾ ਝੰਡਾ ਲਹਿਰਾਏਗੀ।