ਭਾਜਪਾ ਦਫ਼ਤਰ ਮੋਗਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਅਨਿਲ ਸਰੀਨ ਦਾ ਕੇਜਰੀਵਾਲ ਤੇ ਹਮਲਾ

****ਕੇਜਰੀਵਾਲ ਦੀ ਨਿਆਂਪਾਲਿਕਾ ‘ਤੇ ਟਿੱਪਣੀ ਹਤਾਸ਼ਾ ਦਾ ਪ੍ਰਤੀਕ: ਅਨਿਲ ਸਰੀਨ***
ਮੋਗਾ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਰਨਲ ਸਕੱਤਰ ਅਨਿਲ ਸਰੀਨ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਨਿਆਇਕ ਅਧਿਕਾਰੀਆਂ ਬਾਰੇ ਉਨ੍ਹਾਂ ਦੀਆਂ ਹਾਲੀਆ ਟਿੱਪਣੀਆਂ ਉਨ੍ਹਾਂ ਦੀ ਰਾਜਨੀਤਿਕ ਹਤਾਸ਼ਾ ਨੂੰ ਦਰਸਾਉਂਦੀਆਂ ਹਨ। ਮੋਗਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਨਿਲ ਸਰੀਨ ਨੇ ਕਿਹਾ ਕਿ ਇੱਕ ਜ਼ਿੰਮੇਵਾਰ ਰਾਜਨੀਤਿਕ ਵਿਅਕਤੀ ਵੱਲੋਂ ਸੰਵਿਧਾਨ ਅਤੇ ਨਿਆਂਪਾਲਿਕਾ ਵਰਗੀਆਂ ਸੰਵੇਦਨਸ਼ੀਲ ਸੰਸਥਾਵਾਂ ‘ਤੇ ਇਸ ਤਰ੍ਹਾਂ ਦੀ ਨੀਚ ਪੱਧਰ ਦੀ ਟਿੱਪਣੀ ਕਰਨਾ ਨਾ ਸਿਰਫ਼ ਅਣਉਚਿਤ ਹੈ, ਸਗੋਂ ਲੋਕਤਾਂਤਰਿਕ ਮੁੱਲਾਂ ਦੇ ਵੀ ਖ਼ਿਲਾਫ਼ ਹੈ। ਇਸ ਮੌਕੇ ‘ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਪ੍ਰਦੇਸ਼ ਜਰਨਲ ਸਕੱਤਰ ਅਨਿਲ ਸਰੀਨ, ਨਿਗਮ ਚੋਣਾਂ ਲਈ ਮੋਗਾ ਦੇ ਇੰਚਾਰਜ ਬਣੇ ਜਲੰਧਰ ਦੇ ਭਾਜਪਾ ਨੇਤਾ ਅਤੇ ਸਾਬਕਾ ਸੰਸਦੀ ਸਕੱਤਰ ਕ੍ਰਿਸ਼ਨ ਦੇਵ ਭੰਡਾਰੀ, ਪ੍ਰਦੇਸ਼ ਭਾਜਪਾ ਦੇ ਉਪ ਪ੍ਰਧਾਨ ਅਤੇ ਨਿਗਮ ਚੋਣਾਂ ਮੋਗਾ ਦੇ ਕੋ-ਇੰਚਾਰਜ ਜਤਿੰਦਰ ਮਿੱਤਲ, ਸਾਬਕਾ ਡੀਜੀਪੀ ਅਤੇ ਭਾਜਪਾ ਨੇਤਾ ਐਸ.ਪੀ.ਐਸ. ਗਿੱਲ ਅਤੇ ਨਿਧੜਕ ਬਰਾੜ, ਮੋਗਾ ਦੇ ਕੋ-ਇੰਚਾਰਜ ਕੰਵਰਵੀਰ ਸਿੰਘ ਟੌਹੜਾ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਜਨਤਕ ਜੀਵਨ ਵਿੱਚ ਮਰਿਆਦਾ ਅਤੇ ਜ਼ਿੰਮੇਵਾਰੀ ਦੀਆਂ ਹੱਦਾਂ ਨੂੰ ਲੰਘਦੇ ਹਨ। ਅਨਿਲ ਸਰੀਨ ਨੇ ਕੇਜਰੀਵਾਲ ਵੱਲੋਂ ਆਪਣੇ ਕਦਮਾਂ ਨੂੰ ਗਾਂਧੀਗਿਰੀ ਦੱਸਣ ‘ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਜੇਕਰ ਉਹ ਵਾਕਈ ਮਹਾਤਮਾ ਗਾਂਧੀ ਦੇ ਸਿਧਾਂਤਾਂ ‘ਤੇ ਚੱਲਣ ਦਾ ਦਾਅਵਾ ਕਰਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਫੈਸਲਿਆਂ ਵਿੱਚ ਵੀ ਉਹੀ ਪਾਰਦਰਸ਼ਤਾ ਅਤੇ ਨੈਤਿਕਤਾ ਦਿਖਾਉਣੀ ਚਾਹੀਦੀ ਹੈ। ਸਰੀਨ ਨੇ ਦੋਸ਼ ਲਗਾਇਆ ਕਿ ਦਿੱਲੀ ਦੀ ਕਥਿਤ ਸ਼ਰਾਬ ਨੀਤੀ ਵਿਵਾਦ, ਪਾਣੀ ਪ੍ਰਬੰਧਨ ਨਾਲ ਜੁੜੇ ਮੁੱਦੇ ਅਤੇ ਪੰਜਾਬ ਵਿੱਚ ਵਿੱਤੀ ਗੜਬੜਾਂ ਵਰਗੇ ਮਾਮਲਿਆਂ ਦੌਰਾਨ ਕੀ ਉਨ੍ਹਾਂ ਨੂੰ ਗਾਂਧੀਵਾਦੀ ਸਿਧਾਂਤਾਂ ਦੀ ਯਾਦ ਨਹੀਂ ਆਈ? ਉਨ੍ਹਾਂ ਅੱਗੇ ਕਿਹਾ ਕਿ ਅੱਜ ਦਿੱਤੇ ਜਾ ਰਹੇ ਇਸ ਤਰ੍ਹਾਂ ਦੇ ਬਿਆਨ ਕਿਸੇ ਵਿਚਾਰਧਾਰਾ ਤੋਂ ਪ੍ਰੇਰਿਤ ਨਹੀਂ, ਸਗੋਂ ਅੰਦਰੂਨੀ ਦਬਾਅ ਅਤੇ ਗਲਤੀਆਂ ਦੇ ਬੋਝ ਦਾ ਨਤੀਜਾ ਲੱਗਦੇ ਹਨ। ਸਰੀਨ ਨੇ ਦਾਅਵਾ ਕੀਤਾ ਕਿ ਜਨਤਾ ਹੁਣ ਇਨ੍ਹਾਂ ਬਿਆਨਾਂ ਅਤੇ ਦਾਵਿਆਂ ਦੀ ਸੱਚਾਈ ਨੂੰ ਸਮਝ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦਾ ਜਵਾਬ ਲੋਕਤਾਂਤਰਿਕ ਢੰਗ ਨਾਲ ਦੇਵੇਗੀ। ਅੰਤ ਵਿੱਚ ਉਨ੍ਹਾਂ ਕਿਹਾ ਕਿ ਭਾਜਪਾ ਹਮੇਸ਼ਾ ਸੰਵਿਧਾਨ, ਨਿਆਂਪਾਲਿਕਾ ਅਤੇ ਲੋਕਤਾਂਤਰਿਕ ਸੰਸਥਾਵਾਂ ਦੇ ਸਨਮਾਨ ਲਈ ਵਚਨਬੱਧ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਗੈਰ-ਸੰਵਿਧਾਨਕ ਜਾਂ ਅਣਉਚਿਤ ਟਿੱਪਣੀ ਦਾ ਵਿਰੋਧ ਕਰਦੀ ਰਹੇਗੀ।