ਮੋਦੀ ਸਰਕਾਰ ਨੇ ਸਿਲੰਡਰਾਂ ਦੀ ਕੀਮਤ ਵਿੱਚ ਭਾਰੀ ਇਜ਼ਾਫਾ ਕਰਕੇ ਲੋਕਾਂ ਦਾ ਲੱਕ ਤੋੜਿਆ :ਸਾਬਕਾ ਚੇਅਰਮੈਨ ਦੀਪਕ ਅਰੋੜਾ

ਮੋਗਾ , 2 ਮਈ (ਜਸ਼ਨ ) ਮੋਦੀ ਸਰਕਾਰ ਵੱਲੋਂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੀਤੇ ਬੇਹਿਸਾਬ ਵਾਧੇ ਦੇ ਵਿਰੋਧ ਵਿੱਚ ਰੋਸ ਜ਼ਾਹਰ ਕਰਦਿਆਂ ਭਾਜਪਾ ਨੂੰ ਨਿਸ਼ਾਨੇ ਤੇ ਲੈਂਦਿਆਂ "ਨਗਰ ਸੁਧਾਰ ਟਰੱਸਟ" ਦੇ ਸਾਬਕਾ ਚੇਅਰਮੈਨ ਦੀਪਕ ਅਰੋੜਾ ਨੇ ਆਖਿਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਆਮ ਆਦਮੀ ਲਈ ਲਾਚਾਰ ਅਤੇ ਰਸੋਈ ਲਈ ਗੁਨਾਹਗਾਰ ਸਿੱਧ ਹੋਈ ਹੈ।ਜ਼ਿਕਰਯੋਗ ਹੈ ਕਿ ਵਪਾਰਕ ਐੱਲ ਪੀ ਜੀ ਸਿਲੰਡਰ ਹੁਣ 993 ਰੁਪਏ ਮਹਿੰਗਾ ਹੋ ਗਿਆ ਹੈ। ਪੱਛਮੀ ਏਸ਼ੀਆ ਸੰਕਟ ਕਰ ਕੇ ਆਲਮੀ ਪੱਧਰ ਉੱਤੇ ਊਰਜਾ ਕੀਮਤਾਂ ਵਿੱਚ ਉਛਾਲ ਨਾਲ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਲਗਾਤਾਰ ਤੀਜਾ ਮਾਸਿਕ ਵਾਧਾ ਹੈ। 19 ਕਿਲੋ ਵਜ਼ਨੀ ਵਪਾਰਕ ਐੱਲ ਪੀ ਜੀ ਸਿਲੰਡਰ ਆਮ ਕਰ ਕੇ ਹੋਟਲਾਂ ਤੇ ਰੈਸਟੋਰੈਂਟਾਂ ’ਚ ਵਰਤਿਆ ਜਾਂਦਾ ਹੈ।ਇਸ ਤੋਂ ਪਹਿਲਾਂ ਕੀਮਤਾਂ ਵਿੱਚ ਪਹਿਲੀ ਅਪਰੈਲ ਨੂੰ 195.50 ਰੁਪਏ ਪ੍ਰਤੀ ਸਿਲੰਡਰ ਤੇ ਪਹਿਲੀ ਮਾਰਚ ਨੂੰ 114.5 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਸੀ। ਇਨ੍ਹਾਂ ਤਿੰਨ ਵਾਧਿਆਂ ਨਾਲ ਕੁੱਲ ਮਿਲਾ ਕੇ ਕਮਰਸ਼ੀਅਲ ਐੱਲ ਪੀ ਜੀ ਦੀਆਂ ਦਰਾਂ ’ਚ 1303 ਰੁਪਏ ਦਾ ਇਜ਼ਾਫ਼ਾ ਹੋਇਆ ਹੈ।ਸੱਤ ਮਾਰਚ ਨੂੰ 14.2 ਕਿਲੋ ਵਜ਼ਨੀ ਸਿਲੰਡਰ ਦੀਆਂ ਦਰਾਂ ’ਚ 60 ਰੁਪਏ ਦਾ ਵਾਧਾ ਹੋਇਆ ਸੀ। ਦਿੱਲੀ ਵਿੱਚ ਘਰੇਲੂ ਐੱਲ ਪੀ ਜੀ ਸਿਲੰਡਰ 913 ਰੁਪਏ ਨੂੰ ਪੈਂਦਾ ਹੈ। ਦੀਪਕ ਅਰੋੜਾ ਸਮਾਲਸਰ ਨੇ ਭਾਰਤੀ ਜਨਤਾ ਪਾਰਟੀ ਨੇ ਘੇਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਚੋਣਾਂ ਮੌਕੇ ਹੀ ਆਮ ਭਾਰਤੀਆਂ ਨੂੰ ਦਰਪੇਸ਼ ਦੁੱਖ ਤਕਲੀਫ਼ਾਂ ਦੀ ਫ਼ਿਕਰ ਹੁੰਦੀ ਹੈ ਤੇ ਮਗਰੋਂ ਉਨ੍ਹਾਂ ਨੂੰ ਆਪਣੇ ਹਾਲ ਉੱਤੇ ਛੱਡ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਰਾਨ ਜੰਗ ਲੱਗੇ ਨੂੰ ਤਿੰਨ ਮਹੀਨੇ ਹੋ ਚੁੱਕੇ ਹਨ ਅਤੇ ਸਰਕਾਰ ਨੂੰ ਵਿੱਤੀ ਬੋਝ ਆਮ ਲੋਕਾਂ ਉੱਤੇ ਪਾਉਣ ਦੀ ਥਾਂ ਉਨ੍ਹਾਂ ਨੂੰ ਬਚਾਉਣ ਲਈ ਕੋਈ ਠੋਸ ਯੋਜਨਾ ਤਿਆਰ ਕਰਨੀ ਚਾਹੀਦੀ ਸੀ ਜਦਕਿ ਕਿ ਸਿਲੰਡਰਾਂ ਦੀ ਕੀਮਤ ਵਿੱਚ ਭਾਰੀ ਇਜ਼ਾਫਾ ਕਰਕੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ।


