ਭਾਰਤੀ ਜਨਤਾ ਪਾਰਟੀ ਪਾਰਟੀ ਦੀ ਪੱਛਮੀ ਬੰਗਾਲ ’ਚ ਜਿੱਤ, ਲੋਕਾਂ ਦੇ ਭਰੋਸੇ ਅਤੇ ਉਮੀਦਾਂ ਦੀ ਜਿੱਤ : ਹਰਮਨਦੀਪ ਸਿੰਘ ਮੀਤਾ

***ਇਹ ਸਫਲਤਾ ਸਿਰਫ਼ ਇੱਕ ਰਾਜ ਦੀ ਨਹੀਂ, ਸਗੋਂ ਦੇਸ਼ ਭਰ ਦੇ ਵਰਕਰਾਂ ਦੀ ਮਿਹਨਤ ਦਾ ਨਤੀਜਾ ਹੈ: ਮੀਤਾ***
ਮੋਗਾ, 4 ਮਈ (ਦੀਪਕ ਕੌੜਾ ) ਪੱਛਮੀ ਬੰਗਾਲ ਦੇ ਤਾਜ਼ਾ ਚੋਣ ਨਤੀਜਿਆਂ ਵਿਚ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੀ ਸ਼ਾਨਦਾਰ ਜਿੱਤ ‘ਤੇ ਦੇਸ਼ ਭਰ ਵਿਚ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ। ਇਸ ਮੌਕੇ ’ਤੇ ਭਾਜਪਾ ਯੁਵਾ ਮੋਰਚਾ ਕਾਲਜ ਆਊਟਰਿਚ ਦੇ ਸੂਬਾ ਪ੍ਰਧਾਨ ਅਤੇ ਭਾਜਪਾ ਯੁਵਾ ਮੋਰਚਾ ਜ਼ਿਲਾ ਫਿਰੋਜ਼ਪੁਰ ਦੇ ਪ੍ਰਭਾਰੀ ਹਰਮਨਦੀਪ ਸਿੰਘ ਮੀਤਾ ਵੱਲੋਂ ਵੀ ਖੁਸ਼ੀ ਪ੍ਰਗਟ ਕਰਦਿਆਂ ਆਖਿਆ ਕਿ 15 ਸਾਲ ਦੇ ਬਾਅਦ ਪੱਛਮੀ ਬੰਗਾਲ ਜਿੱਤਣ ਬਾਅਦ ਭਾਰਤੀ ਜਨਤਾ ਪਾਰਟੀ 2027 ਦੀਆਂ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੀ ਪੰਜਾਬ ਦਾ ਕਿਲ੍ਹਾ ਫਤਿਹ ਕਰੇਗੀ। ਮੀਤਾ ਨੇ ਆਪਣੇ ਬਿਆਨ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਲੋਕਾਂ ਦੇ ਭਰੋਸੇ ਅਤੇ ਉਮੀਦਾਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੇ ਲੋਕ ਇਸ ਵਾਰ ਤਬਦੀਲੀ ਚਾਹੁੰਦੇ ਸਨ ਅਤੇ ਇਸ ਤਬਦੀਲੀ ਲਈ ਉਨ੍ਹਾਂ ਨੇ ਖੁੱਲ੍ਹ ਕੇ ਬੀਜੇਪੀ ਦਾ ਸਮਰਥਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਨਤੀਜੇ ਦਰਸਾਉਂਦੇ ਹਨ ਕਿ ਲੋਕ ਹੁਣ ਵਿਕਾਸ, ਪਾਰਦਰਸ਼ਤਾ ਅਤੇ ਮਜ਼ਬੂਤ ਨੇਤ੍ਰਿਤਵ ਨੂੰ ਤਰਜੀਹ ਦੇ ਰਹੇ ਹਨ। ਮੀਤਾ ਮੁਤਾਬਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਅਤੇ ਦੇਸ਼ ਪੱਧਰ ‘ਤੇ ਕੀਤੇ ਗਏ ਵਿਕਾਸ ਕਾਰਜਾਂ ਨੇ ਹਰ ਵਰਗ ਦੇ ਲੋਕਾਂ ‘ਤੇ ਗਹਿਰਾ ਅਸਰ ਛੱਡਿਆ ਹੈ, ਜਿਸ ਦਾ ਨਤੀਜਾ ਚੋਣਾਂ ਵਿਚ ਸਾਫ਼ ਨਜ਼ਰ ਆਇਆ। ਉਨ੍ਹਾਂ ਹੋਰ ਕਿਹਾ ਕਿ ਪੱਛਮੀ ਬੰਗਾਲ ਵਿਚ ਲੋਕਾਂ ਨੇ ਆਪਣਾ ਫੈਸਲਾ ਸੁਚੱਜੇ ਤਰੀਕੇ ਨਾਲ ਦਿੱਤਾ ਹੈ ਅਤੇ ਟੀਐਮਸੀ ਪਾਰਟੀ ਨੂੰ ਸਪੱਸ਼ਟ ਤੌਰ ‘ਤੇ ਨਕਾਰ ਦਿੱਤਾ ਹੈ। ਇਸ ਜਿੱਤ ਨਾਲ ਸਾਬਤ ਹੁੰਦਾ ਹੈ ਕਿ ਦੇਸ਼ ਦੀ ਜਨਤਾ ਹੁਣ ਨਵੀਂ ਸੋਚ ਅਤੇ ਨਵੇਂ ਵਿਕਾਸ ਮਾਡਲ ਵੱਲ ਵਧ ਰਹੀ ਹੈ। ਮੀਤਾ ਨੇ ਦਾਅਵਾ ਕੀਤਾ ਕਿ ਇਸ ਵਾਰ ਪੱਛਮੀ ਬੰਗਾਲ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰਭਾਵ ਸਪੱਸ਼ਟ ਤੌਰ ’ਤੇ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਅਤੇ ਲੋਕ ਭਲਾਈ ਦੇ ਉਪਰਾਲਿਆਂ ਨੇ ਲੋਕਾਂ ਦਾ ਭਰੋਸਾ ਜਿੱਤਿਆ ਹੈ, ਜਿਸ ਕਰਕੇ ਬੀਜੇਪੀ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਅਖੀਰ ਵਿਚ ਉਨ੍ਹਾਂ ਸਮੂਹ ਬੀਜੇਪੀ ਹਾਈਕਮਾਂਡ ਅਤੇ ਪਾਰਟੀ ਵਰਕਰਾਂ ਨੂੰ ਵੀ ਇਸ ਜਿੱਤ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਫਲਤਾ ਸਿਰਫ਼ ਇੱਕ ਰਾਜ ਦੀ ਨਹੀਂ, ਸਗੋਂ ਦੇਸ਼ ਭਰ ਦੇ ਵਰਕਰਾਂ ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਨੇ ਆਸ ਜਤਾਈ ਕਿ ਆਉਣ ਵਾਲੇ ਸਮੇਂ ਵਿਚ ਵੀ ਪਾਰਟੀ ਇਸੇ ਤਰ੍ਹਾਂ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰੇਗੀ ਅਤੇ ਦੇਸ਼ ਦੇ ਵਿਕਾਸ ਲਈ ਨਵੇਂ ਮਿਆਰ ਸਥਾਪਿਤ ਕਰੇਗੀ।