ਤਮਾਮ ਉਮਰ ਪਾਰਟੀ ਲਈ ਸਮਰਪਿਤ ਰਹੇ, ਮਨਜੀਤ ਮਾਨ ,ਵਿਧਾਨ ਸਭਾ ਚੋਣ ਲੜਨ ਲਈ ਤਿਆਰ, ਸ਼ਹਿਰ ਅਤੇ ਪਿੰਡਾਂ ਚੋਂ ਮਿਲ ਰਿਹੈ ਭਰਵਾਂ ਹੁੰਗਾਰਾ

ਮੋਗਾ , 5 ਮਈ (ਜਸ਼ਨ ) ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੌਂਸਲਰ ਮਨਜੀਤ ਸਿੰਘ ਮਾਨ ਵਲੋਂ ਮੋਗਾ ਹਲਕੇ ਵਿਚ ਕਾਂਗਰਸ ਨੂੰ ਮਜਬੂਤ ਕਾਰਨ ਲਈ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ ਗਈਆਂ ਨੇ। ਵੱਖ ਵੱਖ ਪਿੰਡਾਂ ਵਿਚ ਮਨਜੀਤ ਮਾਨ ਨੂੰ ਕਾਂਗਰਸ ਕੇਡਰ ਵਲੋਂ ਹਾਂ ਪੱਖੀ ਹੁੰਗਾਰਾ ਦਿੱਤਾ ਜਾ ਰਿਹੈ । ਮੋਗਾ ਹਲਕੇ ਤੋਂ 2027 ਦੌਰਾਨ ਕਾਂਗਰਸ ਉਮੀਦਵਾਰ ਵਜੋਂ ਚੋਣ ਲੜਨ ਦੇ ਸਵਾਲ ਦੇ ਜਵਾਬ ਵਿਚ ਮਾਨ ਨੇ ਆਖਿਆ ਕਿ ਉਹ ਤਮਾਮ ਉਮਰ ਪਾਰਟੀ ਲਈ ਸਮਰਪਿਤ ਰਹੇ ਹਨ ਅਤੇ ਜੇ ਪਾਰਟੀ ਉਹਨਾਂ ਨੂੰ ਜੁੰਮੇਵਾਰੀ ਸੌਂਪਦੀ ਹੈ ਤਾਂ ਹਲਕੇ ਵਲੋਂ ਮਿਲ ਰਹੇ ਪਿਆਰ ਸਦਕਾ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਉਣਗੇ।
ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ‘ਤੇ ਤਿੱਖਾ ਅਤੇ ਸਿੱਧਾ ਹਮਲਾ ਕਰਦਿਆਂ ਉਹਨਾਂ ਆਖਿਆ ਕਿ ਬਿਜਲੀ, ਪਾਣੀ, ਸਿਹਤ, ਨੌਕਰੀਆਂ ਅਤੇ ਕਾਨੂੰਨ-ਵਿਵਸਥਾ—ਹਰ ਖੇਤਰ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੈ। ਉਹਨਾਂ ਕਿਹਾ ਕਿ ਕਿਸਾਨ ਬਿਜਲੀ ਕੱਟਾਂ ਕਾਰਨ ਪਰੇਸ਼ਾਨ ਨੇ , ਮੰਡੀਆਂ ਵਿਚੋਂ ਲਿਫਟਿੰਗ ਨਹੀਂ ਹੋ ਰਹੀ ,ਨੌਜਵਾਨ ਬੇਰੁਜ਼ਗਾਰ ਹਨ, ਹਸਪਤਾਲਾਂ ਵਿੱਚ ਸਹੂਲਤਾਂ ਦੀ ਘਾਟ ਹੈ ਅਤੇ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਉਹਨਾਂ ਕਿਹਾ ਕਿ ਹਾਈ ਕਮਾਂਡ ਵਲੋਂ ਹਦਾਇਤਾਂ ਮੁਤਾਬਿਕ 2027 ਦੀਆਂ ਚੋਣਾਂ ਨੇੜੇ ਹੋਣ ਕਰਕੇ ਕਾਂਗਰਸ ਪਾਰਟੀ ਵੱਲੋਂ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਗਿਆ ਹੈ ਜਿਸ ਕਰਕੇ ਉਹ ਖੁਦ ਪਿੰਡਾਂ ਵਿਚ ਨਿਰੰਤਰ ਮੀਟਿੰਗਾਂ ਕਰ ਰਹੇ ਨੇ ।
ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਆਉਣ ਵਾਲੀਆਂ ਨਗਰ ਨਿਗਮ ਚੋਣਾਂ ‘ਚ ਆਪਣੀ ਪੱਕੀ ਹਾਰ ਨੂੰ ਦੇਖਦੇ ਹੋਏ ਸਰਕਾਰ ਹੁਣ ਹਰ ਗੈਰ-ਲੋਕਤੰਤਰਿਕ ਹਥਕੰਡਾ ਅਪਣਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੀ ਗਈ ਵਾਰਡਬੰਦੀ ਰੋਸਟਰ ਪੂਰੀ ਤਰ੍ਹਾਂ ਗਲਤ, ਗੈਰ-ਪਾਰਦਰਸ਼ੀ, ਪੱਖਪਾਤੀ ਅਤੇ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਹੈ। ਵੋਟਰਾਂ ਦੀਆਂ ਵੋਟਾਂ ਕੱਟਣ ਅਤੇ ਜਾਅਲੀ ਨਵੀਆਂ ਬਣਾਉਣ ਦੀ ਪੜਤਾਲ ਦੀ ਮੰਗ ਕਰਦਿਆਂ ਉਹਨਾਂ ਕਿਹਾ ਕਿ ਅਜਿਹੇ ਨਾਪਾਕ ਯਤਨ ਸਿੱਧਾ ਸਿੱਧਾ ਲੋਕਤੰਤਰ ਦਾ ਗਲਾ ਘੁੱਟਣ ਦੇ ਬਰਾਬਰ ਹੈ ਅਤੇ ਵੋਟਰਾਂ ਦੇ ਅਧਿਕਾਰਾਂ ਨਾਲ ਖੁੱਲ੍ਹਾ ਧੱਕਾ ਹੈ।
ਉਹਨਾਂ ਕਿਹਾ ਕਿ ਜੇਕਰ ਨਿਯਮਾਂ ਅਤੇ ਕਾਨੂੰਨ ਦੇ ਤਹਿਤ ਇਮਾਨਦਾਰੀ ਨਾਲ ਵਾਰਡਬੰਦੀ ਕੀਤੀ ਜਾਂਦੀ, ਤਾਂ ਸ਼ਹਿਰ ਵਿੱਚ ਸਾਰੇ ਵਾਰਡਾਂ ਵਿਚ ਕਾਂਗਰਸੀ ਉਮੀਦਵਾਰਾਂ ਦੀ ਜਿੱਤ ਯਕੀਨੀ ਸੀ ਪਰ ਸਰਕਾਰ ਨੇ ਆਪਣੇ ਸਿਆਸੀ ਲਾਭ ਅਤੇ ਆਪਣੇ ਆਗੂਆਂ ਨੂੰ ਫਾਇਦਾ ਪਹੁੰਚਾਉਣ ਲਈ ਜ਼ਬਰਦਸਤੀ ਰੋਸਟਰ ਬਦਲਿਆ ਹੈ ਜੋ ਸਾਫ਼ ਦਿਖਾਉਂਦਾ ਹੈ ਕਿ ਪ੍ਰਸ਼ਾਸਨ ਸਿਆਸੀ ਮਕਸਦਾਂ ਨਾਲ ਚੱਲ ਰਿਹਾ ਹੈ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਭਾਵੇਂ ਸਰਕਾਰ ਕਿੰਨੀ ਵੀ ਧੱਕੇਸ਼ਾਹੀ ਕਰ ਲਵੇ, ਕਾਂਗਰਸ ਪਾਰਟੀ ਚੁੱਪ ਨਹੀਂ ਬੈਠੇਗੀ। ਲੋਕਾਂ ਦੇ ਹੱਕਾਂ ਦੀ ਲੜਾਈ ਹੋਰ ਜ਼ੋਰ ਨਾਲ ਲੜੀ ਜਾਵੇਗੀ ਅਤੇ ਚੋਣ ਮੈਦਾਨ ਵਿੱਚ ਪੂਰੀ ਤਿਆਰੀ ਨਾਲ ਉਤਰ ਕੇ ਇਸ ਸਰਕਾਰ ਨੂੰ ਲੋਕਤੰਤਰ ਨਾਲ ਖੇਡਣ ਦਾ ਮੁਨਾਸਿਬ ਜਵਾਬ ਦਿੱਤਾ ਜਾਵੇਗਾ।


