ਪਿਛਲੇ ਜਨਮਾਂ ਦੇ ਚੰਗੇ-ਮਾੜੇ ਕਰਮਾਂ ਕਾਰਨ ਹੀ ਹਰ ਇਨਸਾਨ ਨੂੰ ਸੁੱਖ-ਦੁੱਖ ਦੀ ਪ੍ਰਾਪਤੀ ਹੁੰਦੀ ਹੈ : ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ

ਮੋਗਾ, 1 ਜੂਨ (JASHAN) ਇਸ ਸੰਸਾਰ ਵਿਚ ਜਨਮ ਲੈਣ ਵਾਲੇ ਹਰ ਪ੍ਰਾਣੀ ਨੂੰ ਉਸਦੇ ਪਿਛਲੇ ਜਨਮ ਦੇ ਚੰਗੇ ਮਾੜੇ ਕਰਮਾਂ ਦੇ ਕਾਰਨ ਹੀ ਸੁੱਖ-ਦੁੱਖ ਦੀ ਪ੍ਰਾਪਤੀ ਹੁੰਦੀ ਹੈ। ਇਸ ਗੱਲ ਦਾ ਪ੍ਰਗਟਾਵਾ ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ (ਬਖੂਹੇ ਵਾਲੇ) ਚੰਦ ਪੁਰਾਣਾ, ਮੋਗਾ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਜੀ ਨੇ ਸੰਗਤਾਂ ਦੇ ਭਾਰੀ ਇਕੱਠ ਵਿਚ ਪ੍ਰਵਚਨ ਕਰਦਿਆਂ ਕੀਤਾ। ਬਾਬਾ ਜੀ ਨੇ ਕਿਹਾ ਕਿ ਸਾਨੂੰ ਹਮੇਸ਼ਾ ਹੀ ਮਹਾਂਪੁਰਸ਼ਾਂ ਨੇ ਇਹ ਸੰਦੇਸ਼ ਦਿੱਤਾ ਹੈ ਕਿ ਸਾਨੂੰ ਸਦਾ ਹੀ ਚੰਗੇ ਕਰਮ ਕਰਨੇ ਚਾਹੀਦੇ ਹਨ ਤਾਂ ਕਿ ਆਉਣ ਵਾਲੇ ਜਨਮਾਂ ਵਿਚ ਦੁੱਖਾਂ ਦਾ ਸਾਹਮਣਾ ਨਾ ਕਰਨਾ ਪਵੇ। ਬਾਬਾ ਜੀ ਨੇ ਕਿਹਾ ਕਿ ਹਰ ਪ੍ਰਾਣੀ ਪਿਛਲੇ ਜਨਮ ਦੇ ਕਰਮਾਂ ਕਾਰਨ ਸੁੱਖ ਭੋਗਦਾ ਹੈ, ਲੇਕਿਨ ਉਹ ਇਸ ਗੱਲ ਨੂੰ ਭੁੱਲ ਜਾਂਦਾ ਹੈ ਅਤੇ ਆਪਣੀ ਹਉਮੈ ਵਿਚ ਆ ਕੇ ਇਹ ਗੱਲ ਕਹਿੰਦਾ ਹੈ ਕਿ ਇਹ ਸਭ ਮੇਰੀ ਕਿਸਮਤ ਹੈ, ਜਿਸ ਕਾਰਨ ਮੈਂ ਦੂਸਰੇ ਲੋਕਾਂ ਨਾਲੋਂ ਵਧੇਰੇ ਸੁਖੀ ਹਾਂ ਅਤੇ ਉਹ ਘਮੰਡ ਵਿਚ ਆ ਕੇ ਮਾੜੇ ਕਰਮ ਕਰਨ ਲੱਗ ਜਾਂਦਾ ਹੈ ਅਤੇ ਅਤੇ ਗਰੀਬ ਲੋਕਾਂ ਨੂੰ ਲੁੱਟ ਕੇ ਆਪਣੀ ਤਿਜੋਰੀ ਭਰਨ ਵਿਚ ਲੱਗਾ ਰਹਿੰਦਾ ਹੈ ਉਹ ਦਾਨ ਪੁੰਨ ਕਰਨਾ ਹੀ ਨਹੀਂ ਸਗੋਂ ਪਰਮਾਤਮਾ ਨੂੰ ਵੀ ਭੁੱਲ ਜਾਂਦਾ ਹੈ। ਕਿਉਂਕਿ ਉਸ ਨੂੰ ਵਾਹਿਗੁਰੂ ਦਾ ਸਿਮਰਨ ਕਰਨ ਦਾ ਸਮਾਂ ਹੀ ਨਹੀਂ ਮਿਲਦਾ ਅਤੇ ਨਾ ਹੀ ਉਹ ਆਪਣਾ ਸਮਾਂ ਕੱਢਦਾ ਹੈ, ਜਿਸ ਕਾਰਨ ਹੌਲੀ ਹੌਲੀ ਉਸ ਦਾ ਪਤਨ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਤੱਕ ਉਸ ਪ੍ਰਾਣੀ ਨੂੰ ਹੋਸ਼ ਆਉਂਦਾ ਹੈ ਉਦੋਂ ਤੱਕ ਸਮਾਂ ਲੰਘ ਚੁੱਕਾ ਹੁੰਦਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਰੁਝਵਿਆਂ ਵਿਚੋਂ ਵਾਹਿਗੁਰੂ/ਪਰਮਾਤਮਾ ਦੇ ਸਿਮਰਨ ਲਈ ਸਮਾਂ ਕੱਢਣਾ ਚਾਹੀਦਾ ਹੈ ਅਤੇ ਗਰੀਬ ਅਤੇ ਬੇਸਹਾਰਾ ਲੋਕਾਂ ਦੀ ਹਰ ਸੰਭਵ ਆਪਣੀ ਹੈਸੀਅਤ ਦੇ ਅਨੁਸਾਰ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਲੋੜਵੰਦ ਵਿਅਕਤੀ ਲੋੜ ਪੂਰੀ ਹੋਣ ’ਤੇ ਦੁਆ ਦਿੰਦਾ ਹੈ ਤਾਂ ਉਹ ਵਾਹਿਗੁਰੂ ਦੇ ਦਰ ਉੱਪਰ ਪ੍ਰਵਾਨ ਹੁੰਦੀ ਹੈ ਅਤੇ ਉਸਦੇ ਕਰਮਾਂ ਦੇ ਵਹੀ ਖਾਤੇ ਵਿਚ ਲਿਖੀ ਜਾਂਦੀ ਹੈ, ਜਿਸ ਦਾ ਫਲ ਪ੍ਰਾਣੀ ਨੂੰ ਜਰੂਰ ਮਿਲਦਾ ਹੈ। ਬਾਬਾ ਜੀ ਨੇ ਕਿਹਾ ਕਿ ਤੁਸੀਂ ਆਪਣੀ ਜ਼ਿੰਦਗੀ ਵਿਚ ਇਹ ਜ਼ਰੂਰ ਵੇਖਿਆ ਹੋਵੇਗਾ ਕਿ ਇੱਕ ਧੰਨਵਾਨ ਵਿਅਕਤੀ ਕਿਵੇਂ ਰਾਤੋ ਰਾਤ ਕੰਗਾਲ ਹੋ ਜਾਂਦਾ ਹੈ ਅਤੇ ਇੱਕ ਗਰੀਬ ਵਿਅਕਤੀ ਰਾਤੋ-ਰਾਤ ਕਰੋੜਪਤੀ ਬਣ ਜਾਂਦਾ ਹੈ, ਕਿਉਂਕਿ ਇਹ ਉਸ ਦੇ ਪਿਛਲੇ ਕਰਮਾਂ ਦੇ ਕਾਰਨ ਹੀ ਹੁੰਦਾ ਹੈ ਜਦੋਂ ਉਸ ਦੇ ਮਾੜੇ ਕਰਮ ਖਤਮ ਹੋ ਜਾਂਦੇ ਹਨ ਤਾਂ ਉਸ ਦੇ ਸਾਰੇ ਦੁੱਖ ਵੀ ਦੂਰ ਹੋ ਜਾਂਦੇ ਹਨ ਅਤੇ ਉਸ ਦੇ ਚੰਗੇ ਕਰਮਾਂ ਦਾ ਫਲ ਮਿਲਣਾ ਸ਼ੁਰੂ ਹੋ ਜਾਂਦਾ ਹੈ। ਬਾਬਾ ਗੁਰਦੀਪ ਸਿੰਘ ਜੀ ਨੇ ਕਿਹਾ ਕਿ ਸਾਨੂੰ ਹਉਮੈ ਦਾ ਤਿਆਗ ਕਰਨਾ ਚਾਹੀਦਾ ਹੈ ਅਤੇ ਚੰਗੇ ਕਰਮ ਕਰਨੇ ਚਾਹੀਦੇ ਹਨ। ਉਨ੍ਹਾਂ ਸਮੂਹ ਸੰਗਤਾਂ ਨੂੰ ਵਾਹਿਗੁਰੂ ਦੇ ਚਰਨਾਂ ਨਾਲ ਜੁੜਨ ਦੀ ਬੇਨਤੀ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਵੀ ਚੰਗੇ ਕਰਮ ਕਰਨ ਦੀ ਸਿੱਖਿਆ ਦੇਣ ਅਤੇ ਪਰਮਾਤਮਾ ਦੇ ਚਰਨਾਂ ਨਾਲ ਜੋੜਣ। ਉਨ੍ਹਾਂ ਕਿਹਾ ਕਿ ਉਹ ਬੱਚਿਆਂ ਨੂੰ ਹਮੇਸ਼ਾ ਬੁਰੀ ਸੰਗਤ ਅਤੇ ਨਸ਼ਿਆਂ ਤੋਂ ਦੂਰ ਰੱਖਣ ਤਾਂ ਕਿ ਉਨ੍ਹਾਂ ਦਾ ਅਤੇ ਬੱਚਿਆਂ ਦਾ ਜੀਵਨ ਸੁਖੀ ਰਹਿ ਸਕੇ।


