ਪੰਜਾਬ ਸਰਕਾਰ ਆਰਮੀ ਪਬਲਿਕ ਸਕੂਲਾਂ ਤੇ ਕਨੂੰਨ ਅਨੁਸਾਰ ਕਾਰਵਾਈ ਕਰੇ— ਡਾਃ ਬਲਦੇਵ ਢਿੱਲੋਂ

ਮੋਗਾ, 2 JUNE (JASHAN) “ ਪੰਜਾਬ ਸਰਕਾਰ ਆਰਮੀ ਪਬਲਿਕ ਸਕੂਲਾਂ ਤੇ ਪੰਜਾਬੀ ਭਾਸ਼ਾ ਕਨੂੰਨ -2008 ਅਨੁਸਾਰ ਕਾਰਵਾਈ ਕਰੇ “ ਇਹ ਵਿਚਾਰ ਲਿਖਾਰੀ ਸਭਾ ਮੋਗਾ ( ਰਜਿਃ) ਦੇ ਨਵੇਂ ਬਣੇ ਪਰਧਾਨ ਡਾਕਟਰ ਬਲਦੇਵ ਸਿੰਘ ਢਿੱਲੋਂ ਨੇ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਨਵੀਂ ਨੀਤੀ ਅਨੁਸਾਰ ਆਰਮੀ ਪਬਲਿਕ ਸਕੂਲਾਂ ਵਿੱਚ ਪੰਜਾਬੀ ਵਿਸ਼ੇ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਜੋ ਸਰਾਸਰ ਬੇਇਨਸਾਫ਼ੀ ਹੈ। ਸਾਰੇ ਪੰਜਾਬ ਵਿੱਚ ਕਨੂੰਨ 2008 ਅਨੁਸਾਰ ਪਹਿਲੀ ਜਮਾਤ ਤੋਂ ਦਸਵੀਂ ਤੱਕ ਪੰਜਾਬੀ ਵਿਸ਼ਾ ਪੜ੍ਹਾਉਣਾ ਜ਼ਰੂਰੀ ਹੇ । ਇਸ ਲਈ ਪੰਜਾਬ ਸਰਕਾਰ ਨੂੰ ਆਰਮੀ ਸਕੂਲਾਂ ਵਿਰੁੱਧ ਕਨੂੰਨ ਅਨੁਸਾਰ ਕਾਰਵਾਈ ਕਰਨੀ ਚਾਹੀਦੀ ਹੈ । ਇਹ ਅਪੀਲ ਕੇਂਦਰੀ ਪੰਜਾਬੀ ਲੇਖਕ ਸਭਾ ( ਸੇਖੋਂ) ਵੱਲੋਂ ਵੀ ਕੀਤੀ ਗਈ ਹੈ । ਇਸਦੇ ਨਾਲ ਹੀ ਉਨ੍ਹਾਂ ਲਿਖਾਰੀ ਸਭਾ ਮੋਗਾ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਸਭਾ ਨੂੰ ਪ੍ਰਫੁੱਲਤ ਕਰਨ ਲਈ ਸਾਰਿਆਂ ਦੇ ਸਹਿਯੋਗ ਨਾਲ ਤਨ ਮਨ ਨਾਲ ਸੇਵਾ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ ।


