ਲਿੰਕ ਸੜਕਾਂ ਦੇ ਬਰਮ ਪੂਰੇ ਕਰਨ ਲਈ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਮੁਹਿੰਮ ਸ਼ੁਰੂ – ਐਸ.ਡੀ.ਐਮ., ਗਗਨਦੀਪ ਐਸ.ਡੀ.ਐਮ. ਨਿਹਾਲ ਸਿੰਘ ਵਾਲਾ ਨੇ ਸੜਕਾਂ ਦੇ ਬਰਮਾਂ ਦੀ ਮੌਜੂਦਾ ਸਥਿਤੀ, ਸੜਕ ਸੁਰੱਖਿਆ ਅਤੇ ਲੋਕ ਹਿੱਤ ਦੇ ਮੁੱਦਿਆਂ ’ਤੇ ਕੀਤੀ ਵਿਸ਼ੇਸ਼ ਮੀਟਿੰਗ

ਐਸ.ਡੀ.ਐਮ. ਨਿਹਾਲ ਸਿੰਘ ਵਾਲਾ ਨੇ ਸੜਕਾਂ ਦੇ ਬਰਮਾਂ ਦੀ ਮੌਜੂਦਾ ਸਥਿਤੀ, ਸੜਕ ਸੁਰੱਖਿਆ ਅਤੇ ਲੋਕ ਹਿੱਤ ਦੇ ਮੁੱਦਿਆਂ ’ਤੇ ਕੀਤੀ ਵਿਸ਼ੇਸ਼ ਮੀਟਿੰਗ

ਮੋਗਾ, 04 ਜੂਨ(JASHAN)
ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸਾਗਰ ਸੇਤੀਆ ਦੀਆਂ ਹਦਾਇਤਾਂ ਅਨੁਸਾਰ ਲੋਕ ਹਿੱਤ, ਸੜਕ ਸੁਰੱਖਿਆ ਅਤੇ ਪਬਲਿਕ ਸੰਪਤੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਉਪ ਮੰਡਲ ਮੈਜਿਸਟ੍ਰੇਟ, ਨਿਹਾਲ ਸਿੰਘ ਵਾਲਾ ਸ਼੍ਰੀ ਗਗਨਦੀਪ ਦੀ ਪ੍ਰਧਾਨਗੀ ਹੇਠ ਲਿੰਕ ਸੜਕਾਂ ਦੇ ਬਰਮ ਪੂਰੇ ਕਰਨ ਸਬੰਧੀ ਗਠਿਤ ਕਮੇਟੀ ਦੀ ਮੀਟਿੰਗ ਅੱਜ ਐਸ.ਡੀ.ਐਮ. ਦਫ਼ਤਰ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ ਅਤੇ ਸੜਕਾਂ ਦੇ ਬਰਮਾਂ ਦੀ ਮੌਜੂਦਾ ਸਥਿਤੀ, ਸੜਕ ਸੁਰੱਖਿਆ ਅਤੇ ਲੋਕ ਹਿੱਤ ਨਾਲ ਜੁੜੇ ਮੁੱਦਿਆਂ ’ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ।

ਮੀਟਿੰਗ ਵਿੱਚ ਐਸ.ਡੀ.ਓ. ਮੰਡੀ ਬੋਰਡ ਅਤੇ ਜੇ.ਈ., ਪੀ.ਡਬਲਯੂ.ਡੀ. (ਬੀ ਐਂਡ ਆਰ) ਨੂੰ ਆਪਣੇ-ਆਪਣੇ ਵਿਭਾਗਾਂ ਅਧੀਨ ਆਉਂਦੀਆਂ ਲਿੰਕ ਸੜਕਾਂ ਦੀ ਵਿਸਥਾਰਪੂਰਵਕ ਸੂਚੀ, ਸੜਕਾਂ ਦੀ ਲੰਬਾਈ ਅਤੇ ਬਰਮਾਂ ਦੀ ਮੌਜੂਦਾ ਸਥਿਤੀ ਸਬੰਧੀ ਰਿਪੋਰਟ ਤਿਆਰ ਕਰਕੇ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਗਏ।

ਇਸ ਤੋਂ ਇਲਾਵਾ ਨਾਇਬ ਤਹਿਸੀਲਦਾਰ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਪਿੰਡਾਂ ਵਿੱਚ ਮੁਨਾਦੀ ਕਰਵਾਉਣ ਲਈ ਕਿਹਾ ਗਿਆ, ਤਾਂ ਜੋ ਆਮ ਲੋਕਾਂ ਅਤੇ ਪੰਚਾਇਤਾਂ ਨੂੰ ਸੜਕਾਂ ਦੇ ਬਰਮਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਸਕੇ। ਸ਼੍ਰੀ ਗਗਨਦੀਪ ਨੇ ਕਿਹਾ ਕਿ  ਮੁਨਾਦੀ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਸੜਕਾਂ ਦੇ ਬਰਮਾਂ ਉੱਪਰ ਕੀਤੇ ਗਏ ਕਬਜ਼ੇ ਸਵੈ-ਇੱਛਾ ਨਾਲ ਹਟਾਉਣ ਅਤੇ ਸੜਕ ਸੁਰੱਖਿਆ ਨੂੰ ਬਣਾਈ ਰੱਖਣ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰਨ।

ਉਪ ਮੰਡਲ ਮੈਜਿਸਟ੍ਰੇਟ ਗਗਨਦੀਪ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕਿਹਾ  ਕਿ ਪ੍ਰਸ਼ਾਸਨ ਵੱਲੋਂ ਪ੍ਰਾਪਤ ਰਿਪੋਰਟਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਜਿੱਥੇ ਲੋੜ ਹੋਵੇਗੀ ਉੱਥੇ ਬਰਮਾਂ ਦੀ ਮੁਰੰਮਤ ਅਤੇ ਪੁਨਰ-ਨਿਰਮਾਣ ਸਬੰਧੀ ਉਚਿਤ ਕਦਮ ਚੁੱਕੇ ਜਾਣਗੇ। ਉਨ੍ਹਾਂ ਸਮੂਹ ਪਿੰਡ ਵਾਸੀਆਂ, ਪੰਚਾਇਤਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਇਸ ਲੋਕ-ਪੱਖੀ ਮੁਹਿੰਮ ਵਿੱਚ ਸਰਗਰਮ ਭਾਗੀਦਾਰੀ ਕਰਨ ਦੀ ਅਪੀਲ ਵੀ ਕੀਤੀ।ਮੀਟਿੰਗ ਵਿੱਚ ਕਮੇਟੀ ਦੇ ਸਮੂਹ ਮੈਂਬਰ ਹਾਜ਼ਰ ਸਨ ਅਤੇ ਸਾਰੇ ਵਿਭਾਗਾਂ ਨੇ ਸਮੇਂਬੱਧ ਢੰਗ ਨਾਲ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਦਾ ਭਰੋਸਾ ਦਿੱਤਾ।
ਫੋਟੋ ਕੈਪਸ਼ਨ-ਐਸ.ਡੀ.ਐਮ. ਨਿਹਾਲ ਸਿੰਘ ਵਾਲਾ ਗਗਨਦੀਪ ਲਿੰਕ ਸੜਕਾਂ ਦੇ ਬਰਮ ਪੂਰੇ ਕਰਨ ਸਬੰਧੀ ਗਠਿਤ ਕਮੇਟੀ ਦੀ ਮੀਟਿੰਗ ਦੌਰਾਨ।