ਲੋਕ ਬਿਜਲੀ ਸੰਕਟ ਨਾਲ ਕਰ ਰਹੇ ਤ੍ਰਾਹ-ਤ੍ਰਾਹ, ਆਪ ਸਰਕਾਰ ਪ੍ਰਬੰਧ ਕਰਨ ’ਚ ‘ਨਾਕਾਮ’ : ਮਾਲਵਿਕਾ ਸੂਦ

ਕਿਹਾ : ਮੌਜੂਦਾ ਹਾਲਾਤਾਂ ’ਚ ਆਪ ਸਰਕਾਰ ਨੂੰ ਛੱਡ ਲੋਕਾਂ ਦੀ ਆਸ ਸਿਰਫ਼ ਕੁਦਰਤ ’ਤੇ ਟਿਕੀ :
ਮੋਗਾ, 20 ਜੁਲਾਈ (JASHAN ) ਪਿਛਲੇ ਕਈ ਦਿਨਾਂ ਤੋਂ ਲਗਾਤਾਰ ਲੱਗ ਰਹੇ ਬਿਜਲੀ ਦੇ ਲੰਮੇ ਅਤੇ ਅਣਐਲਾਨੇ ਕੱਟਾਂ ਨੇ ਅੱਤ ਦੀ ਗਰਮੀ ਵਿੱਚ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਇੱਕ ਪਾਸੇ ਪਾਰਾ ਲਗਾਤਾਰ ਚੜ੍ਹ ਰਿਹਾ ਹੈ ਅਤੇ ਦੂਜੇ ਪਾਸੇ ਘੰਟਿਆਂ ਤੱਕ ਬਿਜਲੀ ਗੁੱਲ ਰਹਿਣ ਕਾਰਨ ਘਰਾਂ, ਬਾਜ਼ਾਰਾਂ ਅਤੇ ਖੇਤਾਂ ਵਿਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਬੱਚੇ, ਬਜ਼ੁਰਗ, ਬਿਮਾਰ ਵਿਅਕਤੀ, ਵਪਾਰੀ ਅਤੇ ਕਿਸਾਨ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਦਿਨ ਹੋਵੇ ਜਾਂ ਰਾਤ, ਵਾਰ-ਵਾਰ ਬਿਜਲੀ ਜਾਣ ਕਾਰਨ ਨਾ ਤਾਂ ਗਰਮੀ ਤੋਂ ਰਾਹਤ ਮਿਲ ਰਹੀ ਹੈ ਅਤੇ ਨਾ ਹੀ ਰੋਜ਼ਾਨਾ ਦਾ ਕੰਮਕਾਜ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਇਸੇ ਮੁੱਦੇ ਨੂੰ ਲੈ ਕੇ ਕਾਂਗਰਸ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਗਰਮੀ ਦੇ ਸੀਜ਼ਨ ਦੌਰਾਨ ਬਿਜਲੀ ਸਪਲਾਈ ਦੀਆਂ ਵਿਵਸਥਾਵਾਂ ਪਹਿਲਾਂ ਹੀ ਯਕੀਨੀ ਬਣਾਈਆਂ ਜਾਣੀਆਂ ਚਾਹੀਦੀਆਂ ਸਨ, ਪਰ ਸਰਕਾਰ ਇਸ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਦਿਨ ਅਤੇ ਰਾਤ ਲੱਗ ਰਹੇ ਲੰਮੇ ਬਿਜਲੀ ਕੱਟਾਂ ਕਾਰਨ ਘਰੇਲੂ ਅਤੇ ਵਪਾਰਕ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਮਾਲਵਿਕਾ ਸੂਦ ਨੇ ਕਿਹਾ ਕਿ ਬਿਜਲੀ ਨਾ ਹੋਣ ਕਾਰਨ ਪੱਖੇ, ਕੂਲਰ ਅਤੇ ਏਅਰ ਕੰਡੀਸ਼ਨਰ ਬੰਦ ਹੋ ਜਾਂਦੇ ਹਨ, ਜਿਸ ਨਾਲ ਸਭ ਤੋਂ ਵੱਧ ਪਰੇਸ਼ਾਨੀ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਨੂੰ ਝੱਲਣੀ ਪੈਂਦੀ ਹੈ। ਰਾਤ ਦੇ ਸਮੇਂ ਲੱਗਣ ਵਾਲੇ ਲੰਮੇ ਕੱਟਾਂ ਕਾਰਨ ਲੋਕਾਂ ਦੀ ਨੀਂਦ ਹਰਾਮ ਹੋ ਚੁੱਕੀ ਹੈ। ਇਸ ਦੇ ਨਾਲ ਹੀ ਮੱਛਰਾਂ ਅਤੇ ਮੱਖੀਆਂ ਦੀ ਭਰਮਾਰ ਵਧਣ ਕਾਰਨ ਡੇਂਗੂ, ਮਲੇਰੀਆ ਅਤੇ ਹੋਰ ਮੌਸਮੀ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਵਧ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਦੇ ਬਿਜਲੀ ਪੱਖੋਂ ਸੂਬੇ ਨੂੰ ਸਰਪਲਸ ਬਣਾਉਣ ਦੇ ਦਾਅਵਿਆਂ ’ਤੇ ਵੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਅੱਜ ਹਕੀਕਤ ਲੋਕਾਂ ਦੇ ਸਾਹਮਣੇ ਹੈ। ਉਨ੍ਹਾਂ ਦੋਸ਼ ਲਾਇਆ ਕਿ ਖੇਤੀ ਲਈ ਟੇਲਾਂ ਤੱਕ ਪਾਣੀ ਪਹੁੰਚਾਉਣ ਦੇ ਦਾਅਵੇ ਵੀ ਫੇਲ੍ਹ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਨੂੰ ਲੱਗਿਆ ਅਜੇ ਇੱਕ ਮਹੀਨਾ ਵੀ ਨਹੀਂ ਹੋਇਆ, ਪਰ ਪਾਣੀ ਅਤੇ ਬਿਜਲੀ ਦੀ ਘਾਟ ਕਾਰਨ ਫਸਲ ਸੁੱਕਣ ਦੀ ਕਗਾਰ ’ਤੇ ਪਹੁੰਚ ਗਈ ਹੈ। ਜੇਕਰ ਇਹ ਹਾਲਾਤ ਜਾਰੀ ਰਹੇ ਤਾਂ ਕਿਸਾਨ ਝੋਨਾ ਵਾਹੁਣ ਲਈ ਮਜਬੂਰ ਹੋ ਸਕਦੇ ਹਨ। ਸੂਦ ਨੇ ਕਿਹਾ ਕਿ ਹੁਣ ਲੋਕ ਅਤੇ ਕਿਸਾਨ ਬਾਰਿਸ਼ ਦੀ ਉਡੀਕ ਕਰ ਰਹੇ ਹਨ ਤਾਂ ਜੋ ਗਰਮੀ ਤੋਂ ਕੁਝ ਰਾਹਤ ਮਿਲ ਸਕੇ ਅਤੇ ਬਿਜਲੀ ਦੀ ਮੰਗ ਘਟਣ ਨਾਲ ਕੱਟਾਂ ਵਿਚ ਵੀ ਕਮੀ ਆ ਸਕੇ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਵਿਚ ਲੋਕਾਂ ਦੀ ਆਸ ਸਿਰਫ਼ ਕੁਦਰਤ ’ਤੇ ਹੀ ਟਿਕੀ ਹੋਈ ਹੈ। ਸਫਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਦਾ ਜ਼ਿਕਰ ਕਰਦਿਆਂ ਮਾਲਵਿਕਾ ਸੂਦ (ਹਲਕਾ ਇੰਚਾਰਜ ਕਾਂਗਰਸ ਮੋਗਾ) ਨੇ ਕਿਹਾ ਕਿ ਇੱਕ ਪਾਸੇ ਲੋਕ ਬਿਜਲੀ ਦੇ ਕੱਟਾਂ ਕਾਰਨ ਪਰੇਸ਼ਾਨ ਹਨ, ਦੂਜੇ ਪਾਸੇ ਸਫਾਈ ਸੇਵਕਾਂ ਦੀਆਂ ਮੰਗਾਂ ਅਣਸੁਣੀਆਂ ਕਰਨ ਕਾਰਨ ਸ਼ਹਿਰਾਂ ਅਤੇ ਕਸਬਿਆਂ ਵਿਚ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਸ ਨਾਲ ਲੋਕਾਂ ਨੂੰ ਬਦਬੂ ਅਤੇ ਬਿਮਾਰੀਆਂ ਦੇ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਫਾਈ ਸੇਵਕਾਂ ਨਾਲ ਤੁਰੰਤ ਗੱਲਬਾਤ ਕਰਕੇ ਹੜਤਾਲ ਖਤਮ ਕਰਵਾਈ ਜਾਵੇ।