ਐਨ.ਸੀ.ਸੀ. ਕੈਡਿਟਾਂ ਵੱਲੋਂ “ਇੱਕ ਪੇੜ ਮਾਂ ਦੇ ਨਾਮ”ਮੁਹਿੰਮ ਤਹਿਤ ਲਗਾਏ ਪੌਦੇ

ਕੋਟ ਈਸੇ ਖਾਂ,23 july (JASHAN  )ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ, ਕੋਟ ਈਸੇ ਖਾਂ, ਜਿੱਥੇ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਦੇ ਨਾਲ-
ਨਾਲ ਸਮਾਜਿਕ ਜ਼ਿੰਮੇਵਾਰੀਆਂ, ਵਾਤਾਵਰਣ ਸੰਭਾਲ ਅਤੇ ਦੇਸ਼ ਸੇਵਾ ਦੀ ਭਾਵਨਾ ਨਾਲ ਜੋੜਿਆ ਜਾਂਦਾ ਹੈ, ਉੱਥੇ
ਐਨ.ਸੀ.ਸੀ. ਦੀਆਂ ਗਤੀਵਿਧੀਆਂ ਨੂੰ ਵੀ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। 5 ਪੰਜਾਬ ਗਰਲਜ਼ ਬਟਾਲੀਅਨ, ਮੋਗਾ ਦੇ
ਕਮਾਂਡਿੰਗ ਅਫ਼ਸਰ ਕਰਨਲ ਸੁਨੀਲ ਕੁਮਾਰ ਦੀ ਅਗਵਾਈ ਹੇਠ ਚੱਲ ਰਹੀ “ਇੱਕ ਪੇੜ ਮਾਂ ਦੇ ਨਾਮ” ਮੁਹਿੰਮ ਤਹਿਤ ਸਕੂਲ
ਦੇ ਐਨ.ਸੀ.ਸੀ. ਕੈਡਿਟਾਂ ਨੇ ਏ.ਐਨ.ਓ. ਸਿਮਰਨਜੀਤ ਕੌਰ ਦੀ ਦੇਖ-ਰੇਖ ਹੇਠ ਸਕੂਲ ਕੈਂਪਸ ਵਿੱਚ ਵੱਖ-ਵੱਖ ਕਿਸਮਾਂ ਦੇ
ਪੌਦੇ ਲਗਾਏ। ਇਸ ਮੌਕੇ ਕੈਡਿਟਾਂ ਨੇ ਪੌਦਿਆਂ ਦੀ ਸੰਭਾਲ ਕਰਨ ਅਤੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਦਾ
ਸੰਕਲਪ ਵੀ ਲਿਆ। ਉਨ੍ਹਾਂ ਵਿਦਿਆਰਥੀਆਂ ਅਤੇ ਸਮਾਜ ਨੂੰ ਆਪਣੀ ਮਾਂ ਦੇ ਸਨਮਾਨ ਵਿੱਚ ਘੱਟੋ-ਘੱਟ ਇੱਕ ਪੌਦਾ
ਲਗਾਉਣ ਅਤੇ ਉਸ ਦੀ ਨਿਯਮਿਤ ਦੇਖਭਾਲ ਕਰਨ ਲਈ ਵੀ ਪ੍ਰੇਰਿਤ ਕੀਤਾ।ਸਕੂਲ ਦੇ ਚੇਅਰਮੈਨ ਸਰਦਾਰ ਕੁਲਵੰਤ ਸਿੰਘ
ਸੰਧੂ ਅਤੇ ਐਮ.ਡੀ. ਮੈਡਮ ਰਣਜੀਤ ਕੌਰ ਸੰਧੂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ “ਇੱਕ ਪੇੜ ਮਾਂ ਦੇ ਨਾਮ” ਮੁਹਿੰਮ ਮਾਂ ਪ੍ਰਤੀ
ਸਤਿਕਾਰ ਅਤੇ ਕੁਦਰਤ ਪ੍ਰਤੀ ਸਾਡੀ ਜ਼ਿੰਮੇਵਾਰੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਨੂੰ ਵੱਧ ਤੋਂ ਵੱਧ ਪੌਦੇ
ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ
ਅਤੇ ਹਰਿਆ-ਭਰਿਆ ਵਾਤਾਵਰਣ ਮਿਲ ਸਕੇ। ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਕਿਹਾ
ਕਿ ਰੁੱਖ ਸਾਡੇ ਜੀਵਨ ਦਾ ਆਧਾਰ ਹਨ ਅਤੇ ਹਰ ਐਨ.ਸੀ.ਸੀ. ਕੈਡਿਟ ਦਾ ਫ਼ਰਜ਼ ਹੈ ਕਿ ਉਹ ਵਾਤਾਵਰਣ ਸੰਭਾਲ ਲਈ
ਅੱਗੇ ਆਵੇ। ਉਨ੍ਹਾਂ ਕਿਹਾ ਕਿ ਪੌਦੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਨਿਯਮਿਤ ਦੇਖਭਾਲ ਕਰਨਾ ਵੀ ਉਨ੍ਹਾਂ ਹੀ
ਮਹੱਤਵਪੂਰਨ ਹੈ, ਕਿਉਂਕਿ ਸਾਡੀ ਅੱਜ ਦੀ ਇਹ ਕੋਸ਼ਿਸ਼ ਭਵਿੱਖ ਨੂੰ ਹਰਿਆ-ਭਰਿਆ ਅਤੇ ਸੁਰੱਖਿਅਤ ਬਣਾਉਣ ਵਿੱਚ
ਮਹੱਤਵਪੂਰਨ ਯੋਗਦਾਨ ਪਾਵੇਗੀ।