ਸ਼੍ਰੀ ਸਨਾਤਨ ਧਰਮ ਹਰੀ ਮੰਦਰ ਵਿਖੇ ਗੋਵਰਧਨ ਪੂਜਾ ਮੌਕੇ ਲਗਾਇਆ ਅੰਨਕੂਟ ਦਾ ਲੰਗਰ

ਮੋਗਾ, 10 ਨਵੰਬਰ ( jashan ): ਸਥਾਨਕ ਪ੍ਰਤਾਪ ਰੋਡ ਸਥਿਤ ਸ਼੍ਰੀ ਸਨਾਤਨ ਧਰਮ ਹਰੀ ਮੰਦਰ ਰਜਿ. ਮੋਗਾ ਵਿਖੇ ਗੋਵਰਧਨ ਪੂਜਾ ਦੇ ਪਵਿੱਤਰ ਮੌਕੇ ’ਤੇ ਸ਼ਰਧਾ ਅਤੇ ਉਤਸ਼ਾਹ ਨਾਲ ਅੰਨਕੂਟ ਦਾ ਲੰਗਰ ਲਗਾਇਆ ਗਿਆ। ਇਸ ਦੌਰਾਨ ਮੰਦਰ ਵਿੱਚ ਨਤਮਸਤਕ ਹੋਣ ਪਹੁੰਚੇ ਸ਼ਰਧਾਲੂਆਂ ਨੇ ਅੰਨਕੂਟ ਦਾ ਪ੍ਰਸ਼ਾਦ ਗ੍ਰਹਿਣ ਕੀਤਾ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮੰਦਰ ਦੇ ਪ੍ਰਧਾਨ ਸਤਿਆ ਨਾਰਾਇਣ ਗੋਇਲ, ਦਿਨੇਸ਼ ਗੁਪਤਾ, ਪ੍ਰੇਮ ਸਿੰਗਲ ਸੀ.ਏ., ਪੱਪੂ ਪੰਡਿਤ, ਸਚਿਨ ਜਿੰਦਲ, ਤੀਰਥ ਰਾਮ ਅਗਰਵਾਲ, ਅਜੈ ਗੋਇਲ ਸਮੇਤ ਹੋਰ ਅਹੁਦੇਦਾਰਾਂ ਨੇ ਸ਼ਰਧਾਲੂਆਂ ਨੂੰ ਅੰਨਕੂਟ ਦਾ ਪ੍ਰਸ਼ਾਦ ਵੰਡਿਆ। ਸਮੂਹ ਅਹੁਦੇਦਾਰਾਂ ਨੇ ਗੋਵਰਧਨ ਪੂਜਾ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਤਿਉਹਾਰ ਸਾਨੂੰ ਕੁਦਰਤ, ਗਊ ਮਾਤਾ ਅਤੇ ਅੰਨ ਪ੍ਰਤੀ ਸਤਿਕਾਰ ਤੇ ਸ਼ੁਕਰਗੁਜ਼ਾਰੀ ਦੀ ਭਾਵਨਾ ਰੱਖਣ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮਾਂ ਦੇ ਨਾਲ-ਨਾਲ ਸੇਵਾ ਅਤੇ ਸਹਿਯੋਗ ਦੀ ਭਾਵਨਾ ਸਮਾਜ ਵਿੱਚ ਆਪਸੀ ਪਿਆਰ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਦੀ ਹੈ।