ਸ਼੍ਰੀ ਸ਼ਿਆਮ ਪ੍ਰਚਾਰ ਮੰਡਲ ਬਾਘਾਪੁਰਾਣਾ ਵੱਲੋਂ 19 ਨਵੰਬਰ ਨੂੰ ਹੋਵੇਗਾ ਸ਼੍ਰੀ ਸ਼ਿਆਮ ਪ੍ਰਭੂ ਦਾ ਸੱਤਵਾਂ ਵਿਸ਼ਾਲ ਜਾਗਰਣ

*17 ਨਵੰਬਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਕੱਢੀ ਜਾਵੇਗੀ ਚੌਥੀ ਵਿਸ਼ਾਲ ਨਿਸ਼ਾਨ ਯਾਤਰਾ, ਮੰਦਰ ਨਿਰਮਾਣ ਲਈ ਵੀ ਸ਼ਰਧਾਲੂਆਂ ਨੂੰ ਸਹਿਯੋਗ ਦੀ ਅਪੀਲ
ਮੋਗਾ/ਬਾਘਾਪੁਰਾਣਾ, 10 ਨਵੰਬਰ (jashan ) : ਸ਼੍ਰੀ ਸ਼ਿਆਮ ਪ੍ਰਚਾਰ ਮੰਡਲ (ਰਜਿ.), ਬਾਘਾਪੁਰਾਣਾ ਵੱਲੋਂ ਸ਼੍ਰੀ ਸ਼ਿਆਮ ਪ੍ਰਭੂ (ਖਾਟੂ ਵਾਲੇ) ਦਾ ਸੱਤਵਾਂ ਵਿਸ਼ਾਲ ਜਨਮ ਉਤਸਵ ਅਤੇ ਜਾਗਰਣ 19 ਨਵੰਬਰ, ਦਿਨ ਵੀਰਵਾਰ ਨੂੰ ਸ਼ਰਧਾ ਅਤੇ ਧਾਰਮਿਕ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਨੂੰ ਲੈ ਕੇ ਮੰਡਲ ਦੇ ਮੈਂਬਰਾਂ ਅਤੇ ਸ਼ਿਆਮ ਭਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ। ਮੰਡਲ ਵੱਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ 19 ਨਵੰਬਰ ਨੂੰ ਰਾਤ 8 ਵਜੇ ਤੋਂ ਪ੍ਰਭੂ ਦੀ ਇੱਛਾ ਤੱਕ ਵਿਸ਼ਾਲ ਜਾਗਰਣ ਕਰਵਾਇਆ ਜਾਵੇਗਾ। ਇਹ ਜਾਗਰਣ ਚੰਨੂੰ ਵਾਲਾ ਰੋਡ, ਖੁੱਲ੍ਹੀ ਗਊਸ਼ਾਲਾ ਦੇ ਸਾਹਮਣੇ, ਬਾਘਾਪੁਰਾਣਾ ਵਿਖੇ ਹੋਵੇਗਾ। ਜਾਗਰਣ ਦੌਰਾਨ ਭਜਨ ਗਾਇਕਾਂ ਵੱਲੋਂ ਸ਼੍ਰੀ ਸ਼ਿਆਮ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ ਅਤੇ ਸ਼ਰਧਾਲੂ ਭਜਨਾਂ ਰਾਹੀਂ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਇਸ ਤੋਂ ਪਹਿਲਾਂ 17 ਨਵੰਬਰ, ਦਿਨ ਮੰਗਲਵਾਰ ਨੂੰ ਦੁਪਹਿਰ 2 ਵਜੇ ਚੌਥੀ ਵਿਸ਼ਾਲ ਨਿਸ਼ਾਨ ਯਾਤਰਾ ਕੱਢੀ ਜਾਵੇਗੀ। ਇਹ ਯਾਤਰਾ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਕੱਢੀ ਜਾਵੇਗੀ। ਮੰਡਲ ਵੱਲੋਂ ਸਮੂਹ ਸ਼ਿਆਮ ਭਗਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿਸ਼ਾਨ ਯਾਤਰਾ ਵਿੱਚ ਸ਼ਾਮਲ ਹੋ ਕੇ ਬਾਬਾ ਸ਼ਿਆਮ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਸੱਦਾ ਦਿੱਤਾ ਗਿਆ ਹੈ। ਸਮਾਗਮ ਦੌਰਾਨ ਗਣੇਸ਼ ਪੂਜਨ ਦੀ ਰਸਮ ਸ਼੍ਰੀ ਮਨਦੀਪ ਕੱਕੜ, ਪ੍ਰਧਾਨ ਵਪਾਰ ਮੰਡਲ ਬਾਘਾਪੁਰਾਣਾ ਵੱਲੋਂ ਨਿਭਾਈ ਜਾਵੇਗੀ। ਸ਼ਿਆਮ ਪੂਜਨ ਦੀ ਸੇਵਾ ਸ਼੍ਰੀ ਗਾਂਧੀ ਇਲੈਕਟ੍ਰਾਨਿਕਸ, ਨਿਹਾਲ ਸਿੰਘ ਵਾਲਾ ਰੋਡ ਬਾਘਾਪੁਰਾਣਾ ਵੱਲੋਂ ਕੀਤੀ ਜਾਵੇਗੀ। ਪਹਿਲੇ ਦਰਸ਼ਨ ਦੀ ਸੇਵਾ ਸਾਹਿਲ ਕੁਮਾਰ, ਸਾਹਿਲ ਚਾਟ ਕਾਰਨਰ, ਰਾਮਲਲਾ ਪੂਜਨ ਦੀ ਸੇਵਾ ਸੰਦੀਪ ਮਹਿਤਾ, ਡਾਇਰੈਕਟਰ ਪੰਜਾਬ ਦੀ ਐਜੂਕੇਸ਼ਨ ਸਕੂਲ ਬਾਘਾਪੁਰਾਣਾ, ਬਾਲਾ ਜੀ ਪੂਜਨ ਦੀ ਸੇਵਾ ਸ਼੍ਰੀ ਪਵਨ ਦੁੱਕਲ ਅਤੇ ਮਾਲਾ ਅਰਪਣ ਦੀ ਸੇਵਾ ਸ਼੍ਰੀ ਵਰਿੰਦਰ ਕੁਮਾਰ ਅਗਰਵਾਲ ਵੱਲੋਂ ਨਿਭਾਈ ਜਾਵੇਗੀ। ਜੋਤੀ ਪੂਜਨ ਦੀ ਸੇਵਾ ਅਨੂਪ ਚੰਦ (ਪੱਪੀ) ਭੁੱਚੋ ਵਾਲੇ ਕਰਨਗੇ। ਸਮਾਗਮ ਨੂੰ ਸਫਲ ਬਣਾਉਣ ਲਈ ਵੱਖ-ਵੱਖ ਸੇਵਾਵਾਂ ਦੀਆਂ ਜ਼ਿੰਮੇਵਾਰੀਆਂ ਸ਼ਰਧਾਲੂਆਂ ਅਤੇ ਸਹਿਯੋਗੀਆਂ ਨੂੰ ਸੌਂਪੀਆਂ ਗਈਆਂ ਹਨ। ਇਸ ਧਾਰਮਿਕ ਸਮਾਗਮ ਵਿੱਚ ਸਮਾਜ ਸੇਵੀ ਸੁਸ਼ੀਲ ਮਿੱਢਾ, ਅਸ਼ੋਕ ਗਾਬਾ, ਸੌਰਵ ਗੋਇਲ, ਗਗਨ ਗਾਬਾ, ਮੋਹਿਤ ਸਿੰਗਲਾ, ਪ੍ਰਿੰਸ ਕੁਮਾਰ ਅਤੇ ਨਿਤਿਸ਼ ਸਿੰਗਲਾ ਸਮੇਤ ਹੋਰ ਸਮਾਜ ਸੇਵੀ ਅਤੇ ਧਾਰਮਿਕ ਸ਼ਰਧਾਲੂ ਵੀ ਸਹਿਯੋਗ ਦੇ ਰਹੇ ਹਨ। ਮੰਡਲ ਵੱਲੋਂ ਸਮੂਹ ਸ਼ਹਿਰ ਵਾਸੀਆਂ ਅਤੇ ਧਾਰਮਿਕ ਸੰਸਥਾਵਾਂ ਨੂੰ ਇਸ ਸਮਾਗਮ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਅਤੇ ਮੰਦਰ ਦੇ ਨਿਰਮਾਣ ਕਾਰਜ ਲਈ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ ਹੈ।


