ਕੈਪਟਨ ਅਮਰਿੰਦਰ ਸਿੰਘ ਤੇ ਪਰਿਵਾਰ ਵੱਲੋਂ ਰਾਜਮਾਤਾ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ 

ਕੀਰਤਪੁਰ ਸਾਹਿਬ (ਰੋਪੜ), 27 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ•ਾਂ ਦੇ ਪੁੱਤਰ ਰਣਇੰਦਰ ਸਿੰਘ ਨੇ ਪ੍ਰਾਰਥਨਾਵਾਂ ਅਤੇ ਜਾਪ ਦੌਰਾਨ ਰਾਜਮਾਤਾ ਮਹਿੰਦਰ ਕੌਰ ਦੀਆਂ ਅਸਥੀਆਂ ਅੱਜ ਦੁਪਹਿਰ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਸਤਲੁਜ ਦਰਿਆ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ ਹਨ। ਅਸਥ ਘਾਟ ਵਿਖੇ ਰਣਇੰਦਰ ਸਿੰਘ ਵੱਲੋਂ ਰਾਜਮਾਤਾ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਵੇਲੇ ਕੈਪਟਨ ਅਮਰਿੰਦਰ ਸਿੰਘ ਆਪਣੇ ਪੁੱਤਰ ਅਤੇ ਸ਼ਾਹੀ ਪਰਿਵਾਰ ਦੇ ਹੋਰਨਾਂ ਮੈਂਬਰਾਂ ਨਾਲ ਖੜ•ੇ ਸਨ।  ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਗੁਰਪਾਲ ਸਿੰਘ, ਉਨ•ਾਂ ਦਾ ਦੋਹਤਾ ਨਿਰਵਾਨ ਸਿੰਘ ਅਤੇ ਪੋਤਰਾ ਯਾਦੂਇੰਦਰ ਸਿੰਘ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਦੀ ਛੋਟੀ ਭੈਣ ਦੇ ਪੁੱਤਰ ਹਰਸ਼ਦੀਪ ਸਿੰਘ ਢਿੱਲੋਂ ਵੀ ਰਾਜਮਾਤਾ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਮੌਕੇ ਹਾਜ਼ਰ ਸਨ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਗਏ ਅਤੇ ਉਸ ਤੋਂ ਬਾਅਦ ਲੰਗਰ ਹਾਲ ਵਿੱਚ ਲੰਗਰ ਛਕਿਆ। ਉਨ•ਾਂ ਦੇ ਨਾਲ ਉਨ•ਾਂ ਦੇ ਭਰਾ ਮਾਲਵਿੰਦਰ ਸਿੰਘ, ਪੁੱਤਰ ਰਣਇੰਦਰ ਸਿੰਘ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ, ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਬਿਜਲੀ ਅਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ, ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ, ਦਿਹਾਤੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਵਿਧਾਇਕ ਬਲਬੀਰ ਸਿੰਘ ਸਿੱਧੂ, ਰਾਣਾ ਗੁਰਮੀਤ ਸਿੰਘ ਸੋਢੀ, ਵਿਜੇ ਇੰਦਰ ਸਿੰਗਲਾ, ਡਾ. ਰਾਜ ਕੁਮਾਰ, ਕੁਲਜੀਤ ਸਿੰਘ ਨਾਗਰਾ, ਹਰਦਿਆਲ ਸਿੰਘ ਕੰਬੋਜ ਅਤੇ ਰਮਨਜੀਤ ਸਿੰਘ ਸਿੱਕੀ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਪਰਿਵਾਰ ਨੇ ਪਟਿਆਲਾ ਦੇ ਸ਼ਾਹੀ ਸਮਾਧਾਂ ਵਿਖੇ ਰਾਜਮਾਤਾ ਮਹਿੰਦਰ ਕੌਰ ਦੇ ਫੁੱਲ ਚੁਗੇ। ਰਾਜਮਾਤਾ ਮਹਿੰਦਰ ਕੌਰ ਦਾ ਲੰਮੀ ਬਿਮਾਰੀ ਤੋਂ ਬਾਅਦ ਪਟਿਆਲਾ ਵਿਖੇ ਦੇਹਾਂਤ ਹੋਣ ਪਿਛੋਂ ਮੰਗਲਵਾਰ ਨੂੰ ਸ਼ਾਹੀ ਸਮਾਧਾਂ ਵਿਖੇ ਸਸਕਾਰ ਕੀਤਾ ਗਿਆ ਸੀ। ਪਰਿਵਾਰ ਦੇ ਮੈਂਬਰ ਅੱਜ ਸਵੇਰੇ ਰਾਜਮਾਤਾ ਦੀਆਂ ਅਸਥੀਆਂ ਇਕੱਠੀਆਂ ਕਰਨ ਲਈ ਨਿਊ ਮੋਤੀ ਬਾਗ਼ ਮਹਿਲ ਤੋਂ ਚੱਲੇ ਅਤੇ ਸ਼ਾਹੀ ਸਮਾਧਾਂ ਨੂੰ ਜਾਂਦੇ ਹੋਏ ਰਾਹ ਵਿੱਚ ਵੱਡੀ ਗਿਣਤੀ ਵਿੱਚ ਦੋਸਤ-ਮਿੱਤਰ ਅਤੇ ਆਮ ਨਾਗਰਿਕ ਉਨ•ਾਂ ਦੇ ਨਾਲ ਸ਼ਾਮਲ ਹੋ ਗਏ।ਸ਼ਮਸ਼ਾਨ ਘਾਟ ਵਿਖੇ ਭਾਵੁਕ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਭਰਾ ਮਾਲਵਿੰਦਰ ਸਿੰਘ, ਪੁੱਤਰ ਰਣਇੰਦਰ ਸਿੰਘ ਅਤੇ ਪੋਤਰੇ/ਦੋਹਤਰੇ ਨਿਰਵਾਨ ਸਿੰਘ, ਅੰਗਦ ਸਿੰਘ, ਯਾਦੂਇੰਦਰ ਸਿੰਘ ਅਤੇ ਹੋਰ ਰਿਸ਼ਤੇਦਾਰਾਂ ਨਾਲ ਰਲ ਕੇ ਰਾਜਮਾਤਾ ਦੀਆਂ ਅਸਥੀਆਂ ਚੁਗੀਆਂ। ਉਹਨਾਂ ਨੇ ਬਾਅਦ ਵਿੱਚ ਵਿਛੜੀ ਆਤਮਾ ਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ।ਇਸ ਤੋਂ ਬਾਅਦ ਉਹ ਅਸਥੀਆਂ ਨੂੰ ਫੁੱਲਾਂ ਨਾਲ ਲੱਦੇ ਹੋਏ ਵਾਹਨ ਰਾਹੀਂ ਪਵਿੱਤਰ ਕੀਰਤਪੁਰ ਸਾਹਿਬ ਲਿਜਾਣ ਲਈ ਚੱਲ ਪਏ। ਰਾਜਮਾਤਾ ਦੇ ਪੋਤੇ ਅਤੇ ਮੁੱਖ ਮੰਤਰੀ ਦੇ ਬੇਟੇ ਰਣਇੰਦਰ ਸਿੰਘ ਨੇ ਅਸਥੀਆਂ ਵਾਲਾ ਕਲਸ਼ ਆਪਣੀ ਗੋਦ ਵਿੱਚ ਰੱਖਿਆ ਹੋਇਆ ਸੀ ਅਤੇ ਮੁੱਖ ਮੰਤਰੀ ਦੀ ਅਗਵਾਈ ਵਿੱਚ ਪਰਿਵਾਰ ਸ਼ਾਹੀ ਸਮਾਧਾਂ ਤੋਂ ਕੀਰਤਪੁਰ ਸਾਹਿਬ ਲਈ ਰਵਾਨਾ ਹੋਇਆ।