ਕੈਂਸਰ ਨਾਲ ਕਸਬਾ ਸਮਾਲਸਰ ਵਿਖੇ ਔਰਤ ਦੀ ਹੋਈ ਮੌਤ

ਸਮਾਲਸਰ,31 ਜੁਲਾਈ (ਜਸਵੰਤ ਗਿੱਲ)- ਮੋਗਾ ਜ਼ਿਲ੍ਹੇ ਅੰਦਰ ਕੈਂਸਰ ਦੀ ਭਿਆਨਕ ਬੀਮਾਰੀ ਕਾਲ ਵਾਂਗ ਫੈਲ ਰਹੀ ਅਤੇ ਅਨੇਕਾਂ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਚੁੱਕੀ ਹੈ। ਬੀਤੇ ਦੀਨੀ ਜਿਲ੍ਹੇ ਦੇ ਕਸਬਾ ਸਮਾਲਸਰ ਵਿਖੇ ਇੱਕ ਔਰਤ ਦੀ ਕੈਂਸਰ ਨਾਲ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਜਸਵੀਰ ਕੌਰ(60) ਪਤਨੀ ਨਾਇਬ ਸਿੰਘ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਦੀ ਬੀਮਾਰੀ ਕਾਰਨ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਸੀ,ਉਸ ਦੀ ਬੀਤੇ ਦਿਨੀ ਮੌਤ ਹੋ ਗਈ। ਮਿ੍ਰਤਕ ਜਸਵੀਰ ਕੌਰ ਦੇ ਲੜਕੇ ਰਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਨੂੰ ਲੀਵਰ ਕੈਂਸਰ ਸੀ ਜਿਸ ਦਾ ਪਤਾ ਛੇ ਕੁ ਮਹੀਨੇ ਪਹਿਲਾਂ ਹੀ ਚੱਲਿਆ ਤੇ ਉਨ੍ਹਾਂ ਦਾ ਇਲਾਜ ਗੁਰੁ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਤੋਂ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਦਵਾਈਆਂ ਅਤੇ ਹਸਪਤਾਲ ਆਉਣ ਜਾਣ ‘ਤੇ ਹੀ ਉਨ੍ਹਾਂ ਦਾ ਲੱਖ ਰੁਪਏ ਤੋਂ ਉਪਰ ਖਰਚ ਆ ਗਿਆ ਸੀ ਅਤੇ ਹੁਣ ਉਹ ਆਪਣੀ ਮਾਂ ਦੇ ਇਲਾਜ ਲਈ ਘਰ ਵੇਚਣ ਦੀ ਤਿਆਰੀ ਕਰ ਰਹੇ ਸਨ।ਇਸ ਮੌਕੇ ਸਮਾਜ ਸੇਵੀ ਡਾ.ਬਲਰਾਜ ਸਿੰਘ ਰਾਜੂ ਅਤੇ ਸੁਖਦੇਵ ਸਿੰਘ ਸੌਢੀ ਨੇ ਗੱਲਬਾਤ ਕਰਦਿਆ ਕਿਹਾ ਕਿ ਸਰਕਾਰ ਕੈਂਸਰ ਦੇ ਮਰੀਜਾਂ ਨੂੰ ਸਾਰੀਆਂ ਸਹੂਲਤਾਂ ਮੁਫਤ ਦੇਵੇ ਅਤੇ ਇਲਾਜ ਲਈ ਰੱਖੀ ਗਈ ਰਕਮ ਵਿੱਚ ਵਾਧਾ ਕਰੇ। ਉਨ੍ਹਾਂ ਇਸ ਗਰੀਬ ਪਰਿਵਾਰ ਲਈ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਆਰਥਿਕ ਮਦਦ ਦੀ ਅਪੀਲ ਕੀਤੀ ਹੈ।


