ਸੁਤੰਤਰਤਾ ਦਿਵਸ ਤੇ ਡਾ: ਰਜਿੰਦਰ ਕੌਰ ਕਮਲ ਨੇ ਦਿੱਤੀ ਵਧਾਈ

ਮੋਗਾ, 14 ਅਗਸਤ (ਜਸ਼ਨ): ਪ੍ਰਸਿੱਧ ਸਮਾਜ ਸੇਵੀ ਡਾ: ਰਜਿੰਦਰ ਕੌਰ ਕਮਲ ਧਰਮਪਤਨੀ ਵਿਧਾਇਕ ਡਾ. ਹਰਜੋਤ ਕਮਲ ਨੇ ਸੁਤੰਤਰਤੀ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਡਾ ਦੇਸ਼ ਸ਼ਹੀਦਾ ਦੀ ਬਦੌਲਤ ਹੀ ਆਜ਼ਾਦ ਹੋਇਆ ਹੈ। ਉਨਾਂ ਕਿਹਾ ਕਿ ਸਾਨੂੰ ਸਭ ਨੂੰ ਮਿਲ ਕੇ ਸ਼ਹੀਦਾ ਦੇ ਸੁਪਨਿਆਂ ਦਾ ਦੇਸ਼ ਸਿਰਜਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਡਾ. ਰਜਿੰਦਰ ਕਮਲ ਨੇ ਕਿਹਾ ਕਿ ਚਾਹੇ ਸਾਡਾ ਦੇਸ਼ ਗੁਲਾਮੀ ਦੀਆਂ ਜੰਜੀਰਾਂ ਤੋਂ ਆਜ਼ਾਦ ਹੋ ਚੁੱਕਾ ਹੈ ਪਰ ਫਿਰ ਵੀ ਅੱਜ ਸਾਡਾ ਦੇਸ਼ ਨਸ਼ੇ ਦੀਆਂ ਜੰਜੀਰਾਂ ਦਾ ਗੁਲਾਮ ਹੈ, ਜਿਸਨੂੰ ਆਜ਼ਾਦ ਕਰਵਾਉਣਾ ਸਾਡੇ ਲਈ ਵੱਡੀ ਚੁਣੌਤੀ ਹੈ। ਉਨਾਂ ਕਿਹਾ ਕਿ ਨਸ਼ਿਆ ਨੇ ਬਹੁਤ ਸਾਰੇ ਘਰਾਂ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਲਗਾਤਾਰ ਨਸ਼ਿਆਂ ਦੀ ਚਪੇਟ ਵਿੱਚ ਆਉਣ ਨਾਲ ਦੇਸ਼ ਬਰਬਾਦੀ ਦੀ ਕਗਾਰ ਵੱਲ ਜਾ ਰਿਹਾ ਹੈ। ਡਾ. ਰਜਿੰਦਰ ਨੇ ਕਿਹਾ ਕਿ ਇਸ ਤੋਂ ਇਲਾਵਾ ਸਾਡਾ ਦੇਸ਼ ਵਾਤਾਵਰਣ ਪ੍ਰਦੂਸ਼ਣ, ਭਰੂਣ ਹੱਤਿਆ, ਨਾਕਾਰਾਤਮਿਕ ਸੋਚ ਅਤੇ ਸਮਾਜਿਕ ਬੁਰਾਈਆਂ ਦਾ ਗੁਲਾਮ ਹੈ, ਜਿਸਤੋਂ ਆਜ਼ਾਦੀ ਲਈ ਸਾਨੂੰ ਸਭ ਨੂੰ ਮਿਲ ਕੇ ਆਪਣੇ ਵਾਤਾਵਰਣ ਨੂੰ ਸਾਫ਼ ਸੁਥਰਾ ਬਣਾਉਣ ਦੇ ਨਾਲ ਨਾਲ ਆਪਣੀ ਸੋਚ ਨੂੰ ਵੀ ਉੱਚਾ ਅਤੇ ਸਾਕਾਰਾਤਮਿਕ ਕਰਨਾ ਹੋਵੇਗਾ। ਉਨਾਂ ਕਿਹਾ ਕਿ ਜੇਕਰ ਸਾਡਾ ਵਾਤਾਵਰਣ ਸਾਫ਼ ਸੁਥਰਾ ਹੋਵੇਗਾ ਤਾਂ ਹੀ ਸਾਡਾ ਦੇਸ਼ ਸਾਫ਼ ਸੁਥਰਾ ਹੋਵੇਗਾ ਅਤੇ ਨਰੋਏ ਸਮਾਜ ਦੀ ਸਿਰਜਣਾ ਹੋ ਸਕੇਗੀ, ਜਿਸ ਨਾਲ ਦੇਸ਼ ਤਰੱਕੀ ਦੀਆਂ ਰਾਹਾਂ ਸਰ ਕਰੇਗਾ। ਉਨਾਂ ਕਿਹਾ ਕਿ ਦੇਸ਼ ਨੂੰ ਸਮਾਜਿਕ ਬੁਰਾਈਆਂ ਤੋਂ ਆਜ਼ਾਦ ਕਰਵਾਉਣ ਲਈ ਸਾਨੂੰ ਇੱਕਜੁਟ ਹੋ ਕੇ ਯਤਨ ਕਰਨੇ ਚਾਹੀਦੇ ਹਨ। ਉਨਾਂ ਕਿਹਾ ਕਿ ਸੁਤੰਤਰਤਾ ਦਿਵਸ ਤੇ ਸਾਨੂੰ ਸਭ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਨਸ਼ਿਆਂ ਦੇ ਖਿਲਾਫ਼ ਜੰਗ ਲੜਾਂਗੇ, ਵਾਤਾਵਰਣ ਨੂੰ ਸਾਫ਼ ਸੁਥਰਾ ਬਣਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਵਾਂਗੇ, ਆਪਣੇ ਆਲੇ ਦੁਆਲੇ ਸਾਫ਼ ਸਫਾਈ ਰੱਖਾਂਗੇ, ਨਾਕਾਰਾਤਮਿਕ ਸੋਚ ਦਾ ਖਾਤਮਾ ਕਰਾਂਗੇ ਤਾਂ ਹੀ ਸ਼ਹੀਦਾ ਦੇ ਸੁਪਨਿਆਂ ਦਾ ਦੇਸ਼ ਸਿਰਜਿਆ ਜਾ ਸਕੇਗਾ। ਡਾ. ਰਜਿੰਦਰ ਨੇ ਕਿਹਾ ਕਿ ਜੇਕਰ ਅਸੀਂ ਸਾਰੇ ਆਪਣੇ ਬਣਦੀ ਜਿੰਮੇਵਾਰੀ ਨੂੰ ਨਿਭਾਈਏ ਤਾਂ ਸਾਡਾ ਦੇਸ਼ ਵਿਸ਼ਵ ਦੇ ਪ੍ਰਮੁੱਖ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਜਾਵੇਗਾ ਅਤੇ ਦੂਸਰੇ ਦੇਸ਼ਾ ਲਈ ਮਿਸਾਲ ਬਣੇਗਾ।


