ਸ਼ਹੀਦੀ ਸਮਾਰਕ ਹੁਸੈਨੀਵਾਲਾ, ਸਾਰਾਗੜੀ, ਫ਼ਿਰੋਜ਼ਸ਼ਾਹ, ਮੁੱਦਕੀ ਤੇ ਸਭਰਾਵਾਂ ਆਦਿ ਇਤਿਹਾਸਕ ਸਥਾਨਾਂ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ- ਨਵਜੋਤ ਸਿੰਘ ਸਿੱਧੂ

ਫਿਰੋਜ਼ਪੁਰ,14 ਅਗਸਤ  (ਜਸ਼ਨ )-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਰਾਜ ਵਿਚਲੀਆਂ ਇਤਿਹਾਸਕ ਮਹੱਤਤਾ ਵਾਲੀਆਂ ਪੁਰਾਤਨ ਥਾਵਾਂ/ਇਮਾਰਤਾਂ ਦੀ ਵਿਸ਼ੇਸ਼ ਤੋਰ ਤੇ ਸਾਂਭ ਸੰਭਾਲ ਕਰ ਕੇ ਉਨਾਂ ਨੂੰ ਸੈਲਾਨੀ ਕੇਂਦਰਾਂ ਵੱਜੋ ਵਿਕਸਤ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੰੂ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਤੇ ਸਾਡੇ ਗੌਰਵਮਈ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ। ਇਹ ਪ੍ਰਗਟਾਵਾ ਸ. ਨਵਜੋਤ ਸਿੰਘ ਸਿੱਧੂ ਕੈਬਿਨਟ ਮੰਤਰੀ ਸਥਾਨਕ ਸਰਕਾਰਾਂ, ਸਭਿਆਚਾਰਕ ਸੈਰ ਸਪਾਟਾ ਵਿਭਾਗ ਪੰਜਾਬ ਨੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਕੌਮੀ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਨ ਉਪਰੰਤ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਨ ਦੋਰਾਨ ਕੀਤਾ। ਇਸ ਮੌਕੇ ਉਨਾਂ ਨਾਲ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ, ਵਿਧਾਇਕ ਬੀਬੀ ਸਤਿਕਾਰ ਕੌਰ ਗਹਿਰੀ, ਸ. ਚਮਕੌਰ ਸਿੰਘ ਢੀਂਡਸਾ ਪ੍ਰਧਾਨ ਜ਼ਿਲਾ ਕਾਂਗਰਸ ਕਮੇਟੀ ਅਤੇ ਸਾਬਕਾ ਮੰਤਰੀ ਸ. ਇੰਦਰਜੀਤ ਸਿੰਘ ਜ਼ੀਰਾ ਹਾਜ਼ਰ ਸਨ।     ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਹੁਸੈਨੀਵਾਲਾ ਸਰਹੱਦ ਜਿੱਥੇ 1971 ਤੋਂ ਪਹਿਲਾਂ ਭਾਰਤ-ਪਾਕਿ ਵਿਚਕਾਰ ਵੱਡੀ ਪੱਧਰ ਤੇ ਵਪਾਰ ਹੁੰਦਾ ਸੀ ਨੂੰ ਦੋਬਾਰਾ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਲਈ ਖੋਲਣ ਵਾਸਤੇ ਕੇਂਦਰ ਸਰਕਾਰ ਕੋਲ ਸੰਜੀਦਗੀ ਨਾਲ ਕੇਸ ਦੀ ਪੈਰਵੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਜੇਕਰ ਵਾਘਾ ਬਾਰਡਰ ਰਾਹੀਂ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਹੋ ਸਕਦਾ ਹੈ ਤਾਂ ਹੁਸੈਨੀਵਾਲਾ ਸਰਹੱਦ ਵਪਾਰ ਲਈ ਖੋਲਣ ਵਾਸਤੇ ਕੀ ਦਿੱਕਤ ਹੈ। ਉਨਾਂ ਕਿਹਾ ਕਿ ਇਹ ਸਰਹੱਦ ਵਪਾਰ ਲਈ ਖੱੁਲਣ ਮਗਰੋਂ ਦੋਹਾਂ ਦੇਸ਼ਾਂ ਵਿਚਕਾਰ ਜਿੱਥੇ ਅਮਨ ਸ਼ਾਂਤੀ ਦਾ ਮਾਹੌਲ ਪੈਦਾ ਹੋਵੇਗਾ ਉੱਥੇ ਹੀ ਦੋਵਾਂ ਦੇਸ਼ਾਂ ਦੇ ਆਰਥਿਕ, ਧਾਰਮਿਕ ਅਤੇ ਸਮਾਜਿਕ ਰਿਸ਼ਤੇ ਹੋਰ ਪੱਕੇ ਹੋਣਗੇ। ਕੈਬਿਨਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦੀ ਸਮਾਰਕ ਹੁਸੈਨੀਵਾਲਾ, ਸਿੱਖ ਫ਼ੌਜਾਂ ਵੱਲੋਂ ਆਜ਼ਾਦੀ ਲਈ ਅੰਗਰੇਜ਼ਾਂ ਨਾਲ ਲੜੀਆਂ ਗਈਆਂ ਫ਼ਿਰੋਜ਼ਸ਼ਾਹ, ਮੁੱਦਕੀ ਅਤੇ ਸਭਰਾਵਾਂ ਦੀਆਂ ਲੜਾਈਆਂ ਵਾਲੇ ਇਤਿਹਾਸਕ ਸਥਾਨਾਂ ਅਤੇ ਸਿੱਖ ਰੈਜੀਮੈਂਟ ਦੇ ਬਹਾਦਰ ਫ਼ੌਜੀਆਂ ਦੀ ਅਦੁੱਤੀ ਕੁਰਬਾਨੀ ਦੀ ਯਾਦਗਾਰ ਗੁਰਦੁਆਰਾ ਸਾਰਾਗੜੀ ਸਾਹਿਬ ਫਿਰੋਜ਼ਪੁਰ ਛਾਉਣੀ ਆਦਿ ਦੀ ਇਤਿਹਾਸਕ ਮਹੱਤਤਾ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਅਤੇ ਇਨਾਂ ਇਤਿਹਾਸਕ ਸਥਾਨਾਂ ਨੂੰ ਪੂਰੀ ਦੁਨੀਆ ਦੇ ਨਕਸ਼ੇ ਤੇ ਸੈਲਾਨੀ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ।  ਉਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਸ ਕੰਮ ਲਈ ਜਲਦੀ ਹੀ ਵਿਸ਼ੇਸ਼ ਟੀਮ ਫਿਰੋਜ਼ਪੁਰ ਭੇਜੀ ਜਾਵੇਗੀ ਜੋ ਕਿ ਉਨਾਂ ਨੂੰ ਇਨਾਂ ਇਤਿਹਾਸਕ ਸਥਾਨਾਂ ਲਈ ਕੀਤੇ ਜਾਣ ਵਾਲੇ ਕੰਮਾਂ ਦਾ ਵੇਰਵਾ ਦੇਵੇਗੀ। ਇਸ ਮੌਕੇ  ਸ. ਨਵਜੋਤ ਸਿੰਘ ਸਿੱਧੂ ਨੇ ਫਿਰੋਜ਼ਪੁਰ ਵਾਸੀਆਂ ਦੀ ਮੰਗ ਤੇ ਐਲਾਨ ਕੀਤਾ ਕਿ ਫਿਰੋਜ਼ਪੁਰ ਸ਼ਹਿਰ ਦੇ ਤੂੜੀ ਬਾਜ਼ਾਰ ਵਿਖੇ ਸਥਿਤ ਆਜ਼ਾਦੀ ਸੰਗਰਾਮੀਆਂ ਦੀ ਲੁਕਣਗਾਹ ਜਿਸ ਨੂੰ ਸਭਿਆਚਾਰ ਤੇ ਸੈਰ ਸਪਾਟਾ ਵਿਭਾਗ ਵੱਲੋਂ ਨੋਟੀਫਾਈਡ ਕੀਤਾ ਗਿਆ ਹੈ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਢੁੱਕਵੀਂ ਯਾਦਗਾਰ ਬਣਾਈ ਜਾਵੇਗੀ ਅਤੇ ਇਸ ਕੰਮ ਲਈ 20 ਲੱਖ ਰੁਪਏ ਤੋਂ ਜ਼ਿਆਦਾ ਰਾਸ਼ੀ ਖ਼ਰਚੀ ਜਾਵੇਗੀ ਤਾਂ ਜੋ ਲੋਕ ਇਸ ਇਤਿਹਾਸਕ ਸਥਾਨ ਤੋਂ ਵੱਧ ਤੋਂ ਵੱਧ ਪੇ੍ਰਰਨਾ ਲੈ ਸਕਣ।    ਇਸ ਤੋਂ ਪਹਿਲਾਂ ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਗੁਰੂਹਰਸਹਾਏ ਤੋਂ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੇ ਸ. ਨਵਜੋਤ ਸਿੰਘ ਸਿੱਧੂ ਤੇ ਸਮੂਹ ਆਗੂਆਂ ਦਾ ਫਿਰੋਜ਼ਪੁਰ ਵਿਖੇ ਪਹੁੰਚਣ ਤੇ ਸਵਾਗਤ ਕੀਤਾ। ਸ. ਸੋਢੀ ਨੇ ਕਿਹਾ ਕਿ ਫਿਰੋਜ਼ਪੁਰ ਜ਼ਿਲੇ ਦੀ ਅਮੀਰ ਧਾਰਮਿਕ, ਇਤਿਹਾਸਕ ਤੇ ਪੁਰਾਤਨ ਵਿਰਾਸਤ ਹੈ ਜਿਸ ਨੂੰ ਸੰਭਾਲਣ ਦੀ ਲੋੜ ਹੈ। ਉਨਾਂ ਸ. ਸਿੱਧੂ ਤੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਹੁਸੈਨੀਵਾਲਾ, ਫ਼ਿਰੋਜ਼ਸ਼ਾਹ, ਮੁੱਦਕੀ, ਸਭਰਾਵਾਂ ਅਤੇ ਗੁਰੂਹਰਸਹਾਏ ਦੀ ਧਾਰਮਿਕ ਤੇ ਇਤਿਹਾਸਕ ਮਹੱਤਤਾ ਨੂੰ ਪੂਰੀ ਦੁਨੀਆ ਤੱਕ ਪਹੁੰਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਤਾਂ ਜੋ ਲੋਕ ਇਸ ਅਮੀਰ ਵਿਰਸੇ ਤੇ ਇਤਿਹਾਸ ਤੋਂ ਜਾਣੂ ਹੋ ਸਕਣ। ਕੈਬਿਨਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਸ਼੍ਰੀ ਸੋਢੀ ਨੂੰ ਯਕੀਨ ਦੁਆਇਆ ਕਿ ਉਨਾਂ ਵੱਲੋਂ ਉਠਾਈਆਂ ਗਈਆਂ ਮੰਗਾ ਤੇ ਪੰਜਾਬ ਸਰਕਾਰ ਵੱਲੋਂ ਸੰਜੀਦਗੀ ਨਾਲ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸ੍ਰੀ ਵੀ.ਕੇ. ਮੀਨਾ ਕਮਿਸ਼ਨਰ ਫਿਰੋਜ਼ਪੁਰ ਡਵੀਜ਼ਨ, ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ, ਸ੍ਰੀ ਗੌਰਵ ਗਰਗ ਐਸ.ਐਸ.ਪੀ, ਸ. ਹਰਜਿੰਦਰ ਸਿੰਘ ਬਿੱਟੂ ਸਾਂਘਾ, ਸ. ਗੁਰਦੀਪ ਸਿੰਘ ਢਿੱਲੋਂ, ਸ੍ਰੀ ਰਵੀ ਸ਼ਰਮਾ, ਸ. ਹਰਿੰਦਰ ਸਿੰਘ ਖੋਸਾ, ਸ. ਗੁਰਭੇਜ ਸਿੰਘ ਟਿੱਬੀ,  ਸ. ਧਰਮਜੀਤ ਸਿੰਘ, ਸ. ਅੰਮਿ੍ਰਤਪਾਲ ਸਿੰਘ, ਸ. ਬਲਬੀਰ ਸਿੰਘ ਬਾਠ, ਸ੍ਰੀ ਅਜੈ ਜੋਸ਼ੀ, ਸ੍ਰੀ ਰਿੰਕੂ ਗਰੋਵਰ ਸਮੇਤ ਵੱਡੀ ਗਿਣਤੀ ਵਿਚ ਰਾਜਨੀਤਿਕ ਆਗੂ ਅਤੇ ਅਧਿਕਾਰੀ ਹਾਜ਼ਰ ਸਨ।