ਸੋਮਵਾਰ ਨੂੰ ਰਾਮ ਰਹੀਮ ਨੂੰ ਸੁਣਾਈ ਜਾਣ ਵਾਲੀ ਸਜ਼ਾ ਦੇ ਮੱਦੇਨਜ਼ਰ ਸੂਬੇ ਵਿੱਚ ਅਮਨ-ਕਾਨੂੰਨ ਕਾਇਮ ਰੱਖਣ ਲਈ ਪੁਲਿਸ ਨੂੰ ਖੁੱਲੀ ਛੁੱਟੀ ਦਿੱਤੀ

ਮਾਨਸਾ/ਮੌੜ/ਬਠਿੰਡਾ, 27 ਅਗਸਤ(ਜਸ਼ਨ)-ਲੰਘੇ ਸ਼ੁੱਕਰਵਾਰ ਨੂੰ ਵਾਪਰੀ ਡੇਰਾ ਹਿੰਸਾ ਦੀ ਜਾਂਚ ਦਾ ਫੈਸਲਾ ਕੇਂਦਰ ਸਰਕਾਰ ’ਤੇ ਛੱਡਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਕਾਨੂੰਨ ਭੰਗ ਕਰਨ ਵਾਲੇ ਪੰਜਾਬ ਦੇ ਲੋਕਾਂ ਨੂੰ ਉਨਾਂ ਦੀ ਸਰਕਾਰ ਕੋਈ ਮੁਆਵਜ਼ਾ ਨਹੀਂ ਦੇਵੇਗੀ ਜੋ ਰਾਮ ਰਹੀਮ ਖਿਲਾਫ਼ ਅਦਾਲਤੀ ਫੈਸਲੇ ਤੋਂ ਬਾਅਦ ਪੰਚਕੂਲਾ ਵਿੱਚ ਹੋਈ ਹਿੰਸਾ ਵਿੱਚ ਮਾਰੇ ਗਏ ਸਨ। ਮੁੱਖ ਮੰਤਰੀ ਨੇ ਅੱਜ ਪੰਜਾਬ ਦੇ ਮਾਲਵਾ ਖੇਤਰ ਵਿੱਚ ਸੰਵੇਦਨਸ਼ੀਲ ਜ਼ਿਲਿਆਂ ਦੇ ਲਗਪਗ ਅੱਧੀ ਦਰਜਨ ਇਲਾਕਿਆਂ ਜਿੱਥੇ ਸ਼ੁੱਕਰਵਾਰ ਨੂੰ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਖਿਲਾਫ਼ ਅਦਾਲਤ ਦੇ ਫੈਸਲੇ ਮਗਰੋਂ ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ ਵਾਪਰੀਆਂ ਸਨ, ਦੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਆਖੀ। ਮਾਲਵਾ ਖੇਤਰ ਵਿੱਚ ਪੱਤਰਕਾਰਾਂ ਵੱਲੋਂ ਮੁੱਖ ਮੰਤਰੀ ਨੂੰ ਪੁੱਛਿਆ ਗਿਆ ਕਿ ਕੀ ਕੇਂਦਰ ਸਰਕਾਰ ਵੱਲੋਂ ਅਮਨ-ਕਾਨੂੰਨ ਦੀ ਵਿਵਸਥਾ ਭੰਗ ਹੋਣ ਦੀ ਜਾਂਚ ਕਰਵਾਉਣ ਚਾਹੀਦੀ ਹੈ ਤਾਂ ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਆਖਿਆ ਕਿ ਇਸ ਦੀ ਜਾਂਚ ਕਰਵਾਉਣ ਦਾ ਫੈਸਲਾ ਕੇਂਦਰ ਸਰਕਾਰ ਨੇ ਕਰਨਾ ਹੈ ਕਿਉਂਕਿ ਇਸ ਨਾਲ ਪੰਚਕੂਲਾ ਅਤੇ ਹਰਿਆਣਾ ਦੇ ਬਾਕੀ ਹਿੱਸਿਆਂ ਦੇ ਨਾਲ-ਨਾਲ ਪੰਜਾਬ ਤੇ ਦਿੱਲੀ ਵਿੱਚ ਵੱਡੀ ਪੱਧਰ ’ਤੇ ਅਰਾਜਕਤਾ ਅਤੇ ਹਿੰਸਾ ਫੈਲੀ।  ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਸ ਦਾ ਫੈਸਲਾ ਕੇਂਦਰ ਸਰਕਾਰ ਨੇ ਕਰਨਾ ਹੈ। ਉਨਾਂ ਨੇ ਮੁੜ ਆਖਿਆ ਕਿ ਅਦਾਲਤ ਦੇ ਫੈਸਲੇ ਤੋਂ ਪਹਿਲਾਂ ਪੰਚਕੂਲਾ ਵਿੱਚ ਵੱਡੀ ਭੀੜ ਜੁੜਨ ਦੀ ਇਜਾਜ਼ਤ ਦੇਣ ਨਾਲ ਹੀ ਗੜਬੜ ਪੈਦਾ ਹੋਣ ਦਾ ਮੁੱਖ ਕਾਰਨ ਬਣਿਆ ਹੈ। ਇਸ ਨਾਲ ਖ਼ੂਨ-ਖ਼ਰਾਬਾ ਹੋਇਆ ਜਿਸ ਵਿੱਚ ਹੁਣ ਤੱਕ 24 ਮਿ੍ਰਤਕਾਂ ਦੀ ਸ਼ਨਾਖਤ ਹੋ ਚੁੱਕੀ ਹੈ ਜਿਨਾਂ ਵਿੱਚੋਂ 11-11 ਮਿ੍ਰਤਕ ਪੰਜਾਬ ਤੇ ਹਰਿਆਣਾ ਦੇ ਹਨ ਜਦਕਿ 1-1 ਮਿ੍ਰਤਕ ਰਾਜਸਥਾਨ ਅਤੇ ਉਤਰਾਖੰਡ ਤੋਂ ਹੈ। ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਵੱਲੋਂ ਡੇਰਾ ਹਿੰਸਾ ਦਾ ਸਖ਼ਤ ਸ਼ਬਦਾਂ ਵਿੱਚ ਕੀਤੀ ਨਿਖੇਧੀ ਦਾ ਸਵਾਗਤ ਕਰਦਿਆਂ ਉਮੀਦ ਜ਼ਾਹਰ ਕੀਤੀ ਕਿ ਕੇਂਦਰ ਸਰਕਾਰ ਹਿੰਸਾ ਵਿੱਚ ਸ਼ਾਮਲ ਅਪਰਾਧੀਆਂ ਨਾਲ ਕਰੜੇ ਹੱਥੀਂ ਨਜਿੱਠੇਗੀ। ਉਨਾਂ ਕਿਹਾ ਕਿ ਕਿਸੇ ਨੂੰ ਵੀ ਸੂਬੇ ਜਾਂ ਦੇਸ਼ ਦੇ ਕਿਸੇ ਵੀ ਖਿੱਤੇ ਦੀ ਅਮਨ-ਕਾਨੂੰਨ ਦੀ ਵਿਵਸਥਾ ਨੂੰ ਭੰਗ ਕਰਨ ਦੀ ਇਜਾਜ਼ਤ ਹਰਗਿਜ਼ ਨਹੀਂ ਦਿੱਤੀ ਜਾਣੀ ਚਾਹੀਦੀ। ਇਕ ਹੋਰ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਉਨਾਂ ਨਾਲ ਰਾਬਤਾ ਰੱਖਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਭਾਵੇਂ ਕਿ ਪੰਜਾਬ ਦੀਆਂ ਖੁਫ਼ੀਆ ਏਜੰਸੀਆਂ ਵੱਲੋਂ ਗੁਆਂਢੀ ਸੂਬੇ ਵਿੱਚ ਆਪਣੇ ਹਮਰੁਤਬਾ ਅਧਿਕਾਰੀਆਂ ਨਾਲ ਲਗਾਤਾਰ ਖੁਫ਼ੀਆ ਜਾਣਕਾਰੀ ਸਾਂਝੀ ਕੀਤੀ ਜਾਂਦੀ ਰਹੀ ਸੀ। ਬਲਾਤਕਾਰ ਦੇ ਦੋਸ਼ੀ ਰਾਮ ਰਹੀਮ ਨੂੰ ਸਜ਼ਾ ਸੁਣਾਉਣ ਤੋਂ ਪਹਿਲਾਂ ਗੜਬੜ ਕਰਨ ਵਾਲੇ ਸੰਭਾਵੀ ਲੋਕਾਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਪੁਲਿਸ ਨੂੰ ਖੁੱਲੀ ਛੁੱਟੀ ਦਿੰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨਾਂ ਦੀ ਸਰਕਾਰ ਹਰ ਕੀਮਤ ’ਤੇ ਸੂਬੇ ਵਿਚ ਅਮਨ-ਸ਼ਾਂਤੀ ਕਾਇਮ ਰੱਖਣ ਲਈ ਪੂਰੀ ਤਰਾਂ ਤਿਆਰ ਹੈ। ਇਕ ਹੋਰ ਸਵਾਲ ਦੇ ਜਵਾਬ ਵਿੱਚ ਕਿ ਭਾਵੇਂ ਉਨਾਂ ਦੀ ਸਰਕਾਰ ਜਨਤਕ ਅਤੇ ਪ੍ਰਾਈਵੇਟ ਜਾਇਦਾਦ ਨੂੰ ਹੋਏ ਨੁਕਸਾਨ ਦੀ ਸੂਚੀ ਤਿਆਰ ਕਰ ਰਹੀ ਹੈ ਪਰ ਉਨਾਂ ਲੋਕਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ ਜਿਨਾਂ ਨੇ ਕਾਨੂੰਨ ਆਪਣੇ ਹੱਥ ਵਿੱਚ ਲਿਆ ਅਤੇ  ਹਿੰਸਕ ਕਾਰਵਾਈਆਂ ਵਿੱਚ ਸ਼ਾਮਲ ਹੋਏ। ਉਨਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਜਾਇਦਾਦ ਦੇ ਨੁਕਸਾਨ ਦੀ ਭਰਪਾਈ ਡੇਰੇ ਪਾਸੋਂ ਕਰਨ ਲਈ ਜਾਇਦਾਦਾਂ ਦੀ ਸੂਚੀ ਹਾਈ ਕੋਰਟ ਨੂੰ ਸੌਂਪੀ ਜਾਵੇਗੀ। ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਵਿੱਚ ਡੇਰਾ ਸਮਰਥਕਾਂ ਦਾ ਗੜ ਮੰਨੇ ਜਾਂਦੇ ਸੰਵੇਦਨਸ਼ੀਲ ਬਠਿੰਡਾ ਜ਼ੋਨ ਦੇ ਸੱਤ ਜ਼ਿਲਿਆਂ ਵਿੱਚ 107/151 ਦੀਆਂ ਧਾਰਾਵਾਂ ਤਹਿਤ ਇਹਤਿਆਤ ਵਜੋਂ 45 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।     ਮੁੱਖ ਮੰਤਰੀ ਨੇ ਇਲਾਕੇ ਵਿੱਚ ਹਾਲਾਤ ’ਤੇ ਤਸੱਲੀ ਪ੍ਰਗਟ ਕਰਦਿਆਂ ਦੱਸਿਆ ਸਥਿਤੀ ਕਾਬੂ ਹੇਠ ਹੈ ਅਤੇ ਲੋਕਾਂ ਵਿੱਚ ਘਬਰਾਹਟ ਦਾ ਕੋਈ ਸੰਕੇਤ ਨਹੀਂ ਹੈ। ਉਨਾਂ ਦੱਸਿਆ ਕਿ ਹੁਣ ਤੱਕ ਕੁੱਲ 23 ਐਫ.ਆਈ.ਆਰਜ ਦਰਜ ਕੀਤੀਆਂ ਗਈਆਂ ਹਨ ਅਤੇ 30 ਗਿ੍ਰਫਤਾਰੀਆਂ ਕੀਤੀਆ ਗਈਆਂ ਹਨ, ਉਨਾਂ ਨਾਲ ਹੀ ਕਿਹਾ ਕਿ 62 ਪੈਟਰੋਲ ਬੰਬ ਜ਼ਬਤ ਕੀਤੇ ਗਏ ਹਨ। ਉਨਾਂ ਦੱਸਿਆ ਕਿ ਪੁਲਿਸ ਨੇ ਦਰਜਨ ਕਾਰਤੂਸਾਂ ਸਮੇਤ ਇਕ 12 ਬੋਰ ਦੀ ਬੰਦੂਕ ਅਤੇ 28 ਕਾਰਤੂਸਾਂ ਨਾਲ ਇਕ 22 ਬੋਰ ਦਾ ਰਿਵਾਲਵਰ ਵੀ ਬਰਾਮਦ ਕੀਤਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਖੇਤਰ ਵਿੱਚ ਦਿਨ ਦਾ ਕਰਫਿਊ ਹਟਾ ਲਿਆ ਗਿਆ ਹੈ ਅਤੇ ਜ਼ਿਲਾ ਪ੍ਰਸ਼ਾਸਨ ਰਾਤ ਦੇ ਹਾਲਾਤ ਦੀ ਸਮੀਖਿਆ ਕਰੇਗਾ। ਮਾਨਸਾ ਤੋਂ ਇਲਾਵਾ ਮੁੱਖ ਮੰਤਰੀ ਨੇ ਕੋਟਲੀ ਕਲਾਂ ਤੋਂ ਆਪਣਾ ਦੌਰਾ ਸ਼ੁਰੂ ਕੀਤਾ ਅਤੇ ਉਨਾਂ ਨੇ ਮੌੜ, ਬਠਿੰਡਾ, ਬੱਲੂਆਣਾ (ਬਠਿੰਡਾ ਦਿਹਾਤੀ), ਗਿੱਦੜਬਾਹਾ ਅਤੇ ਮਲੋਟ ਦੇ ਖੇਤਰਾਂ ਦਾ ਦੌਰਾ ਕੀਤਾ, ਜਿੱਥੇ ਉਨਾਂ ਨੇ ਲੋਕਾਂ ਨਾਲ ਮੁਲਾਕਤ ਕੀਤੀ ਅਤੇ ਸੁਰੱਖਿਆ ਦਸਤਿਆਂ ਦਾ ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਸੁਰੱਖਿਆ ਕਰਮੀਆਂ ਦਾ ਹਾਲ-ਚਾਲ ਪੱੁਛਿਆ ਅਤੇ ਨਾਲ ਹੀ ਪੱੁਛਿਆ ਕਿ ਕੀ ਮੌਜੂਦਾ ਸਥਿਤੀਆਂ ਕਾਰਨ ਉਨਾਂ ਨੂੰ ਕਿਸੇ ਤਰਾਂ ਦੀ ਸਮੱਸਿਆ ਦਾ ਸਾਹਮਣਾ ਤਾਂ ਨਹੀਂ ਕਰਨਾ ਪੈ ਰਿਹਾ। ਉਨਾਂ ਨੇ ਪੰਜਾਬ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀ ਉਨਾਂ ਦੇ ਸ਼ਲਾਘਾਯੋਗ ਕੰਮ ਲਈ ਧੰਨਵਾਦ ਕੀਤਾ ਅਤੇ ਚੌਕਸੀ ਰੱਖਣ ਵਾਲੇ ਮਰਦਾਂ ਅਤੇ ਔਰਤ ਸੁਰੱਖਿਆ ਮੁਲਾਜ਼ਮਾਂ ਨੂੰ ਫਲ ਵੰਡੇ। ਬਠਿੰਡਾ ਦਿਹਾਤੀ ਵਿਚ ਮੁੱਖ ਮੰਤਰੀ ਨੇ ਹਿੰਸਾ ਵਿੱਚ ਨੁਕਸਾਨੇ ਗਏ ਬੱਲੂਆਣਾ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਅਤੇ ਸਟਾਫ ਮੈਂਬਰਾਂ ਨਾਲ ਗੱਲ ਕੀਤੀ, ਜਿਨਾਂ ਨੇ ਉਨਾਂ ਨੂੰ ਸ਼ੁੱਕਰਵਾਰ ਦੇ ਘਟਨਾਕ੍ਰਮ ਦੇ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਗਈ। ਉਨਾਂ ਨੇ ਕੈਪਟਨ ਅਮਰਿੰਦਰ ਨੂੰ ਦੱਸਿਆ ਕਿ ਕਿਸ ਤਰਾਂ ਹਥਿਆਰਬੰਦ ਵਿਅਕਤੀ ਰੇਲਵੇ ਦਫ਼ਤਰ ਵਿੱਚ ਦਾਖਲ ਹੋਏ ਅਤੇ ਖਿੜਕੀਆਂ, ਕੰਪਿਊਟਰ ਆਦਿ ਦੀ ਭੰਨ-ਤੋੜ ਕੀਤੀ ਅਤੇ ਰੇਲਵੇ ਸਟੇਸ਼ਨ ਨੂੰ ਅੱਗ ਲਾਉਣ ਦਾ ਅਸਫਲ ਯਤਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਡੇਰਾ ਸਮਰਥਕਾਂ ਦੁਆਰਾ ਜਾਇਦਾਦ ਅਤੇ ਵਾਹਨਾਂ ’ਤੇ ਹਮਲੇ ਦੇ ਮਾਮਲਿਆਂ ਤੋਂ ਬਾਅਦ ਪੰਜਾਬ ਵਿੱਚ ਹਿੰਸਾ ਦੀ ਕੋਈ ਤਾਜ਼ਾ ਘਟਨਾ ਨਹੀਂ ਵਾਪਰੀ। ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਚਕੂਲਾ ਵਿੱਚ ਹੋਈ ਹਿੰਸਾ ਵਿੱਚ ਪੰਜਾਬ ਦੇ ਅੱਠ ਵਿਅਕਤੀ ਮਾਰੇ ਗਏ ਹਨ। ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਹਾਲਾਤ ਪੂਰੀ ਤਰਾਂ ਸਥਿਰ ਹਨ। ਉਨਾਂ ਨੇ ਜ਼ਿਲਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਖਿੱਤੇ ਵਿੱਚ ਅਮਨ-ਸ਼ਾਂਤੀ ਵਿੱਚ ਵਿਘਨ ਨਾ ਪੈਣ ਦੇਣ ਨੂੰ ਯਕੀਨੀ ਬਣਾਉਣ ਅਤੇ ਅਮਨ-ਕਾਨੂੰਨ ਦੀ ਕਾਇਮੀ ਲਈ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ।  ਮੁੱਖ ਮੰਤਰੀ ਨਾਲ ਵਿੱਤ ਮੰਤਰੀ ਮਨਪ੍ਰੀਤ ਬਾਦਲ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਡੀ.ਜੀ.ਪੀ ਸੁਰੇਸ਼ ਅਰੋੜਾ, ਡੀ.ਜੀ.ਪੀ ਇੰਟੈਲੀਜੈਂਸ ਦਿਨਕਰ ਗੁਪਤਾ ਅਤੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਹਾਜ਼ਰ ਸਨ।