ਹਲਕੇ ਦੀ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਐਮ.ਐਲ.ਏ. ਡਾ. ਹਰਜੋਤ ਨੇ ਕੀਤਾ ਧੰਨਵਾਦ

ਮੋਗਾ, 29 ਅਗਸਤ (ਜਸ਼ਨ)- ਡੇਰਾ ਮੁੱਖੀ ਨੂੰ ਸੀ.ਬੀ.ਆਈ. ਕੋਰਟ ਵਲੋਂ ਦੋਸ਼ੀ ਕਰਾਰ ਦੇਣ ਤੋਂ ਬਾਅਦ ਹੋਈਆਂ ਹਿੰਸਕ ਘਟਨਾਵਾਂ ਦੀ ਨਿੰਦਾ ਕਰਦੇ ਹੋਏ ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀਆਂ ਘਟਨਾਵਾਂ ਹਨ, ਜਿਨਾਂ ਵਿੱਚ ਜਾਨੀ ਮਾਲੀ ਨੁਕਸਾਨ ਹੋਇਆ ਹੈ। ਉਨਾਂ ਕਿਹਾ ਕਿ ਹਰਿਆਣਾ ਸਰਕਾਰ ਇਨਾਂ ਘਟਨਾਵਾਂ ਨੂੰ ਰੋਕਣ ਵਿੱਚ ਨਾਕਾਮ ਸਾਬਿਤ ਹੋਈ ਹੈ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਬਿਲਕੁਲ ਨਾਕਾਮ ਸਾਬਿਤ ਹੋਈ ਹੈ। ਡਾ. ਹਰਜੋਤ ਨੇ ਕਿਹਾ ਕਿ ਚਾਹੇ ਪੰਜਾਬ ਵਿੱਚ ਵੀ ਡੇਰਾ ਮੁੱਖੀ ਦੇ ਭਾਰੀ ਗਿਣਤੀ ਵਿੱਚ ਸਮਰਥਕ ਹਨ, ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਧੀਆਂ ਤਰੀਕੇ ਨਾਲ ਪੰਜਾਬ ਦੀ ਬਾਗਡੋਰ ਸੰਭਾਲਦੇ ਹੋਏ ਪੰਜਾਬ ਦੀ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਿਆ ਹੈ, ਜਿਸ ਵਿੱਚ ਉਨਾਂ ਦੀ ਸੂਝ ਬੂਝ ਅਤੇ ਸਮਝਦਾਰੀ ਝਲਕਦੀ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਹੌਂਸਲਾ ਅਫ਼ਜਾਈ ਕੀਤੀ ਅਤੇ ਉਨਾਂ ਦੀ ਪਿੱਠ ਥਾਪੜ ਕੇ ਉਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਨਾਂ ਦੀ ਸਖ਼ਤ ਮੁਸਤੈਦੀ ਕਾਰਨ ਹੀ ਪੰਜਾਬ ਵਿੱਚ ਜਾਨੀ ਮਾਲੀ ਨੁਕਸਾਨ ਤੋਂ ਬਚਾਇਆ ਜਾ ਸਕਿਆ ਹੈ। ਉਨਾਂ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਲੋਕਾਂ ਨੇ ਮਨੁੱਖਤਾ ਅਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦੇ ਹੋਏ ਹਲਕੇ ਦੀ ਅਮਨ ਸ਼ਾਂਤੀ ਨੂੰ ਕਾਇਮ ਰੱਖਿਆ ਹੈ। ਉਨਾਂ ਕਿਹਾ ਕਿ ਅੱਗੇ ਵੀ ਇਸੇ ਤਰਾਂ ਲੋਕ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਅਤੇ ਭਾਈਚਾਰਕ ਸਾਂਝ ਨੂੰ ਟੁੱਟਣ ਤੋਂ ਬਚਾਉਂਦੇ ਰਹਿਣ।


