9 ਸਤੰਬਰ ਨੂੰ ਮੋਗਾ ਵਿਖੇ ਲੱਗੇਗੀ ਕੌਮੀ ਲੋਕ ਅਦਾਲਤ- ਵਿਨੀਤ ਕੁਮਾਰ ਨਾਰੰਗ

ਮੋਗਾ 29 ਅਗਸਤ(ਜਸ਼ਨ)-ਲੋਕ ਅਦਾਲਤ ਝਗੜਿਆਂ ਨੂੰ ਨਿਪਟਾਉਣ ਦੀ ਇੱਕ ਸਰਲ ਪ੍ਰਣਾਲੀ ਹੈ, ਕਿਉਂਕਿ ਇਸ ਵਿੱਚ ਝਗੜਿਆਂ ਦਾ ਨਿਪਟਾਰਾ ਦੋਵਾਂ ਧਿਰਾਂ ਦੀ ਆਪਸੀ ਗੱਲਬਾਤ ਨੂੰ ਸੁਣ ਕੇ ਰਾਜ਼ੀਨਾਮੇ ਰਾਹੀਂ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਲੋਕ ਅਦਾਲਤ ਵਿੱਚ ਨਾ ਸਿਰਫ਼ ਦੋਹਾਂ ਪਾਰਟੀਆਂ ਦੀ ਆਪਸੀ ਦੁਸ਼ਮਨੀ ਘੱਟ ਹੁੰਦੀ ਹੈ, ਸਗੋਂ ਝਗੜਿਆਂ ਦਾ ਨਿਪਟਾਰਾ ਵੀ ਤੁਰੰਤ ਹੋ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਵਿਨੀਤ ਕੁਮਾਰ ਨਾਰੰਗ ਸੀ.ਜੇ.ਐਮ.-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਨੇ ਦੱਸਿਆ ਕਿ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਜੁਡੀਸ਼ੀਅਲ ਕੋਰਟ ਕੰਪਲੈਕਸ, ਮੋਗਾ ਵਿਖੇ 9 ਸਤੰਬਰ, 2017 ਨੂੰ ਜ਼ਿਲਾ ਤੇ ਸ਼ੈਸ਼ਨ ਜੱਜ-ਕਮ ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੌਮੀ ਲੋਕ ਅਦਾਲਤ ਲਗਾਈ ਜਾਵੇਗੀ। ਇਸ ਕੌਮੀ ਲੋਕ ਅਦਾਲਤ ’ਚ ਹਰੇਕ ਤਰਾਂ ਦੇ ਕੇਸ ਜਿਵੇਂ ਕਿ ਐਨ.ਆਈ. ਐਕਟ ਕੇਸ ਅੰਡਰ ਸ਼ੈਕਸ਼ਨ 138, ਬੈਂਕ ਰੀਕਵਰੀ ਕੇਸ, ਲੇਬਰ ਝਗੜਿਆਂ ਦੇ ਕੇਸ, ਬਿਜਲੀ ਅਤੇ ਪਾਣੀ ਦੇ ਬਿੱਲਾਂ ਦੇ ਝਗੜਿਆਂ ਦੇ ਰਾਜ਼ੀਨਾਮੇ ਯੋਗ ਕੇਸ, ਹੋਰ (ਰਾਜ਼ੀਨਾਮਾ ਹੋਣ ਯੋਗ ਫੌਜ਼ਦਾਰੀ, ਵਿਵਾਹਿਕ ਝਗੜਿਆਂ ਦੇ ਕੇਸ ਅਤੇ ਹੋਰ ਦੀਵਾਨੀ ਝਗੜਿਆਂ ਦੇ ਕੇਸ), ਲੈਂਡ ਐਕੁਈਜ਼ੇੇਸ਼ਨ ਕੇਸ, ਤਨਖਾਹ ਅਤੇ ਭੱਤਿਆਂ ਅਤੇ ਰਿਟਾਇਰਮੈਂਟ ਲਾਭਾਂ ਨਾਲ ਸਬੰਧਿਤ ਸਰਵਿਸ ਮੈਟਰ, ਰੇਵੈਨਿਊ ਕੇਸ ਤੇ ਹੋਰ ਦੀਵਾਨੀ ਕੇਸ (ਰੈਂਟ, ਈਜ਼ਮੈਂਟਰੀ ਹੱਕ, ਇੰਜਕਸ਼ਨ ਸੂਟ, ਸਪੈਸਿਫਿਕ ਪ੍ਰਫਾਰਮੈਂਸ ਸੂਟ) ਆਦਿ ਸਮਝੌਤੇ ਲਈ ਵਿਚਾਰੇ ਜਾਣਗੇ ਅਤੇ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ। ਸ਼੍ਰੀ ਵਿਨੀਤ ਕੁਮਾਰ ਨਾਰੰਗ ਨੇ ਅੱਗੇ ਦੱਸਿਆ ਕਿ ਇਸ ਰਾਸ਼ਟਰੀ ਲੋਕ ਅਦਾਲਤ ਵਿੱਚ ਪ੍ਰੀ ਲੀਟੀਗੇਟਿਵ ਕੇਸਾਂ ਦਾ ਵੀ ਨਿਪਟਾਰਾ ਕੀਤਾ ਜਾਵੇਗਾ। ਉਨਾਂ ਕਿਹਾ ਕਿ ਕੌਮੀ ਲੋਕ ਅਦਾਲਤ ਬਾਰੇ ਲੋਕਾਂ ਨੂੰ ਹੇਠਲੇ ਪੱਧਰ ਤੱਕ ਜਾਗਰੂੁਕ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕ ਕੌਮੀ ਲੋਕ ਅਦਾਲਤ ਦਾ ਵੱਧ ਤੋ ਵਧ ਲਾਭ ਲੈ ਸਕਣ। ਉਨਾਂ ਦੱਸਿਆ ਕਿ ਜਿਹੜੇ ਵਿਅਕਤੀ ਲੰਬਿਤ ਕੇਸਾਂ ਦਾ ਨਿਪਟਾਰਾ ਇਸ ਕੌਮੀ ਲੋਕ ਅਦਾਲਤ ਵਿੱਚ ਕਰਵਾਉਣਾ ਚਾਹੁੰਦੇ ਹਨ, ਉਹ ਆਪਣੇ ਵਕੀਲ ਰਾਹੀਂ ਆਪਣੇ ਲੰਬਿਤ ਕੇਸਾਂ ਨੂੰ ਕੌਮੀ ਲੋਕ ਅਦਾਲਤ ਵਿੱਚ ਸਧਾਰਨ ਦਰਖ਼ਾਸਤ ਦੇ ਕੇ ਲਗਵਾ ਸਕਦੇ ਹਨ। ਉਨਾਂ ਇਹ ਵੀ ਦੱਸਿਆ ਕਿ ਇਸ ਤੋ ਪਹਿਲਾਂ ਲਗਾਈਆਂ ਗਈਆਂ ਲੋਕ ਅਦਾਲਤਾਂ ਵਿੱਚ ਕਾਫ਼ੀ ਵੱਡੀ ਗਿਣਤੀ ‘ਚ ਕੇਸਾਂ ਦਾ ਨਿਬੇੜਾ ਹੋ ਚੁੱਕਾ ਹੈ ਅਤੇ ਇਨਾਂ ਲੋਕ ਅਦਾਲਤਾਂ ਵਿੱਚ ਕੇਸਾਂ ਦੇ ਹੱਲ ਹੋਣ ਦੀ ਗਿਣਤੀ ਦਿਨ-ਬ-ਦਿਨ ਵੱਧ ਰਹੀ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਇਸ ਕੌਮੀ ਲੋਕ ਅਦਾਲਤ ਵਿੱਚ ਆਪਣੇ ਕੇਸ ਲਗਾ ਕੇ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਉਨਾਂ ਇਹ ਵੀ ਦੱਸਿਆ ਕਿ ਵਿਸਥਾਰ ਸਹਿਤ ਜਾਣਕਾਰੀ ਲੈਣ ਲਈ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਜ਼ਿਲਾ ਕਚਿਹਰੀਆਂ ਮੋਗਾ ਦੇ ਦਫ਼ਤਰ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।