ਦਹੇਜ ਉਤਪੀੜਨ ਦੀਆਂ ਸਿਕਾਇਤਾਂ ਦੀ ਪੜਚੋਲ ਕਰਨ ਲਈ ਫੈਮਲੀ ਵੈਲਫੇਅਰ ਕਮੇਟੀ ਦਾ ਗਠਨ-ਸੀ.ਜੇ.ਐਮ. ਵਿਨੀਤ ਨਾਰੰਗ ਮੋਗਾ

ਮੋਗਾ 12 ਸਤੰਬਰ(ਜਸ਼ਨ)-ਦਹੇਜ ਉਤਪੀੜਨ ਦੀਆਂ ਵਧਦੀਆਂ ਸਿਕਾਇਤਾਂ ਦੇ ਮੱਦੇਨਜਰ ਸ਼ਿਕਾਇਤਾਂ ਦੀ ਪੜਚੋਲ ਕਰਨ ਲਈ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ‘ਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਇੰਚਾਰਜ ਜਿਲਾ ਅਤੇ ਸੈਸਨ ਜੱਜ-ਕਮ-ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ੍ਰੀ ਰਾਜਿੰਦਰ ਅਗਰਵਾਲ ਦੀ ਪ੍ਰਧਾਨਗੀ ਹੇਠ ਮੋਗਾ ਜਿਲੇ ਵਿੱਚ ਇੱਕ ਫੈਮਲੀ ਵੈਲਫੇਅਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਬਾਰੇ ਸੀ.ਜੇ.ਐਮ-ਕਮ-ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਸ੍ਰੀ ਵਿਨੀਤ ਕੁਮਾਰ ਨਾਰੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਮੇਟੀ ਵਿੱਚ ਸ੍ਰੀਮਤੀ ਇੰਦੂਪੁਰੀ, ਐਨ.ਜੀ.ਓ ਕੋ-ਆਰਡੀਨੇਟਰ ਐਸ.ਕੇ.ਬਾਂਸਲ ਅਤੇ ਪੀ.ਐਲ.ਵੀ. ਮੋਗਾ ਡਾ: ਪ੍ਰੇਮ ਨਾਥ ਮਹਾਜਨ ਸ਼ਾਮਲ ਕੀਤੇ ਗਏ ਹਨ। ਇਹ ਕਮੇਟੀ ਧਾਰਾ 498 ਏ ਤਹਿਤ ਦਾਇਰ ਉਨਾਂ ਸਿਕਾਇਤਾਂ ਦੀ ਪੜਚੋਲ ਕਰੇਗੀ, ਜਿਨਾਂ ਵਿੱਚ ਕਿਸੇ ਔਰਤ ਵੱਲੋ ਪੁਲਿਸ ਨੂੰ ਦਰਖਾਸਤ ਦੇ ਕੇ ਮੁਲਜਮਾਂ ਵਿੱਰੁਧ ਕਾਰਵਾਈ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਪੁਲਿਸ ਵੱਲੋਂ ਇਹ ਸ਼ਿਕਾਇਤ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਨੂੰ ਭੇਜੀ ਜਾਵੇਗੀ, ਜਿਸ ਨੂੰ ਅੱਗੇ ਫੈਮਲੀ ਵੈਲਫੇਅਰ ਕਮੇਟੀ ਨੂੰ ਭੇਜ ਦਿੱਤਾ ਜਾਵੇਗਾ। ਉਸ ਸਿਕਾਇਤ ਤਹਿਤ ਪੁਲਿਸ ਵੱਲੋਂ ਕਮੇਟੀ ਦੁਆਰਾ ਰਿਪੋਰਟ ਦਿੱਤੇ ਜਾਣ ਤੱਕ ਮੁਲਜਮਾਂ ਨੂੰ ਹਿਰਾਸਤ ਵਿੱਚ ਨਹੀਂ ਲਿਆ ਜਾਵੇਗਾ। ਉਨਾਂ ਦੱਸਿਆ ਕਿ ਕਮੇਟੀ ਨੇ ਸਿਕਾਇਤ ਮਿਲਣ ਤੋਂ ਇੱਕ ਮਹੀਨੇ ਦੇ ਅੰਦਰ-ਅੰਦਰ ਆਪਣੀ ਰਿਪੋਰਟ ਪੁਲਿਸ ਨੂੰ ਭਿਜਵਾਉਣੀ ਹੋਵੇਗੀ ਅਤੇ ਇਸ ਉਪਰੰਤ ਹੀ ਪੁਲਿਸ ਦੁਆਰਾ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਇਹ ਕਮੇਟੀ ਹਰ ਵੀਰਵਾਰ ਨੂੰ 2:00 ਵਜੇ ਤੋਂ 4:00 ਵਜੇ ਤੱਕ ਜਿਲਾ ਅਦਾਲਤਾਂ, ਮੋਗਾ ਵਿੱਚ ਸਥਿਤ ਮੀਡੀਏਸ਼ਨ ਅਤੇ ਕੌਨਸੀਲੇਸ਼ਨ ਸੈਂਟਰ ਵਿੱਚ ਆਪਣੀ ਮੀਟਿੰਗ ਕਰੇਗੀ। ਇਹ ਕਮੇਟੀ ਸਿਕਾਇਤ ਕਰਤਾ ਅਤੇ ਮੁਲਜੰਮ ਧਿਰ ਨਾਲ ਰਾਬਤਾ ਕਾਇਮ ਕਰਕੇ ਉਨਾਂ ਦੀ ਗੱਲਬਾਤ ਸੁਣਨ ਉਪਰੰਤ ਆਪਣੀ ਰਿਪੋਰਟ ਪੁਲਿਸ ਨੂੰ ਪੇਸ਼ ਕਰੇਗੀ।