ਆਸ਼ਾ ਵਰਕਰਾਂ ਅਤੇ ਆਸ਼ਾ ਫੈਸਲੀਟੇਟਰਾਂ ਨੇ ਆਪਣੀਆਂ ਮੰਗਾਂ ਸਬੰਧੀ ਸੌਂਪਿਆ ਮੰਗ ਪੱਤਰ

ਮੋਗਾ, 12 ਸਤੰਬਰ (ਜਸ਼ਨ): ਆਸ਼ਾ ਫੈਸਲੀਟੇਟਰ ਅਤੇ ਆਸ਼ਾ ਵਰਕਰਾਂ ਵਲੋਂ ਯੂਨੀਅਨ ਦੀ ਪ੍ਰਧਾਨ ਹਰਮੰਦਰ ਕੌਰ ਦੀ ਪ੍ਰਧਾਨਗੀ ਹੇਠ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਮੋਗਾ ਹਲਕੇ ਦੇ ਐਮ.ਐਲ.ਏ. ਡਾ: ਹਰਜੋਤ ਦੇ ਦਫ਼ਤਰ ਵਿੱਚ ਉਨਾਂ ਦੇ ਪੀ.ਏ. ਡਾ. ਜੀ.ਐਸ. ਗਿੱਲ ਨੂੰ ਸੌਂਪਿਆ ਗਿਆ। ਇਸ ਮੌਕੇ ਤੇ ਯੂਨੀਅਨ ਦੀ ਪ੍ਰਧਾਨ ਹਰਮੰਦਰ ਕੌਰ ਨੇ ਦੱਸਿਆ ਕਿ ਉਨਾਂ ਦੀ ਭਰਤੀ 2008 ਤੋਂ ਕੀਤੀ ਗਈ ਸੀ, ਉਨਾਂ ਵਿੱਚੋਂ ਕੁਝ ਆਸ਼ਾ ਫੈਸਲੀਟੇਟਰਾਂ ਨੂੰ ਚੁਣਿਆ ਗਿਆ ਸੀ, ਜੋਕਿ 20 ਆਸ਼ਾ ਵਰਕਰਾਂ ਪਿੱਛੇ 1 ਆਸ਼ਾ ਫੈਸਲੀਟੇਟਰ ਕੰਮ ਕਰਦੀਆਂ ਹਨ। ਜਦੋਕਿ 2011 ਵਿੱਚ ਆਸ਼ਾ ਫੈਸਲੀਟੇਟਰਾਂ ਨੂੰ ਭਰਤੀ ਕੀਤਾ ਗਿਆ ਸੀ। ਉਨਾਂ ਕਿਹਾ ਕਿ ਉਨਾਂ ਨੂੰ ਪਿਛਲੇ 6 ਸਾਲਾਂ ਤੋਂ ਉਨਾਂ ਨੂੰ 150 ਰੁਪਏ ਪ੍ਰਤੀ ਟੂਰ ਅਤੇ 1000 ਰੁਪਏ ਭੱਤਾ ਦਿੱਤਾ ਜਾਂਦਾ ਹੈ। ਉਨਾਂ ਕਿਹਾ ਕਿ ਮਹਿੰਗਾਈ ਦੇ ਦੌਰ ਵਿੱਚ ਇਨੇ ਘੱਟ ਪੈਸਿਆਂ ਵਿੱਚ ਫੈਸਲੀਟੇਟਰਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ, ਇਸਦੇ ਬਾਵਜੂਦ ਵੀ 6 ਸਾਲਾਂ ਤੋਂ ਉਨਾਂ ਦੇ ਟੂਰ ਅਤੇ ਭੱਤੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਹਰਮੰਦਰ ਕੌਰ ਨੇ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਫੈਸਲੀਟੇਟਰਾਂ ਨੂੰ 500 ਰੁਪਏ ਪ੍ਰਤੀ ਟੂਰ ਅਤੇ 5000 ਪ੍ਰਤੀ ਮਹੀਨਾ ਭੱਤਾ ਦੇਣ ਦੀ ਮੰਗ ਕੀਤੀ ਹੈ ਅਤੇ ਆਸ਼ਾ ਵਰਕਰਾਂ ਨੂੰ ਪ੍ਰਤੀ ਮਹੀਨਾ ਪੱਕੀ ਤਨਖਾਹ ਦਿੱਤੀ ਜਾਵੇ। ਉਨਾਂ ਕਿਹਾ ਕਿ ਹਰ ਸਾਲ ਵਰਦੀ ਲਈ ਦਿੱਤਾ ਜਾਣ ਵਾਲਾ ਭੱਤਾ ਵੀ 600 ਰੁਪਏ ਤੋਂ ਵਧਾ ਕੇ 1500 ਰੁਪਏ ਕੀਤਾ ਜਾਵੇ। ਆਸ਼ਾ ਅਤੇ ਆਸ਼ਾ ਫੈਸਲੀਟੇਟਰਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਤੇ ਬਲਵੀਰ ਕੌਰ ਡਰੋਲੀ, ਮਨਪ੍ਰੀਤ ਕੌਰ ਕੋਟ ਈਸੇ ਖਾਂ, ਚਰਨਜੀਤ ਕੌਰ ਬਾਘਾਪੁਰਾਣਾ, ਸੰਦੀਪ ਕੌਰ ਤਾਰੇਵਾਲਾ, ਰਾਮ ਪਿਆਰੀ ਬੁੱਘੀਪੁਰਾ, ਸਿਕੰਦਰ ਕੌਰ ਮਹਿਣਾ, ਸਰਬਜੀਤ ਕੌਰ ਲੰਢੇਕੇ, ਜਿੰਦਰ ਕੌਰ ਲੰਢੇਕੇ, ਨਸੀਬ ਕੌਰ ਬੁੱਘੀਪੁੁਰਾ, ਬਲਵਿੰਦਰ ਕੌਰ ਘੱਲ ਕਲਾਂ, ਅਮਨਦੀਪ ਕੌਰ ਲੰਢੇਕੇ ਆਦਿ ਹਾਜ਼ਰ ਸਨ।


