ਪੰਜਾਬ ਰੋਡਵੇਜ਼/ ਪਨਬੱਸ ਮੁਲਾਜ਼ਮਾਂ ਵੱਲੋਂ ਪੰਜਾਬ ਰੋਡਵੇਜ਼ ਪਨਬੱਸ ਵਰਕਰਜ਼/ ਮੁਲਾਜ਼ਮਾ ਦੀ ਐਕਸ਼ਨ ਕਮੇਟੀ ਦੇ ਸੱਦੇ’ਤੇ ਭਰਵੀਂ ਗੇਟ ਰੈਲੀ ਕੀਤੀ ਗਈ

ਮੋਗਾ,13 ਸਤੰਬਰ (ਜਸ਼ਨ)-ਅੱਜ ਪੰਜਾਬ ਰੋਡਵੇਜ਼/ ਪਨਬੱਸ ਮੁਲਾਜ਼ਮਾਂ ਵੱਲੋਂ ਪੰਜਾਬ ਰੋਡਵੇਜ਼ ਪਨਬੱਸ ਵਰਕਰਜ਼/ ਮੁਲਾਜ਼ਮਾ ਦੀ ਐਕਸ਼ਨ ਕਮੇਟੀ ਦੇ ਸੱਦੇ’ਤੇ ਭਰਵੀਂ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਦੇ ਸੂਬਾਈ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ, ਮੁੱਖ ਸਲਾਹਕਾਰ ਦਰਸ਼ਨ ਸਿੰਘ ਟੂਟੀ,ਰੋਡਵੇਜ਼ ਕਰਮਚਾਰੀ ਦਲ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਮੌਜਗੜ ਨੇ ਕਿਹਾ ਕਿ ਪੰਜਾਬ ਰੋਡਵੇਜ਼ ਤੇ ਪਨਬਸ ਕਾਮਾ 29 ਸਤੰਬਰ ਨੂੰ ਆਪਣੀਆਂ ਮੰਗਾਂ ਆਊਟ ਸੋਰਸ ਅਤੇ ਠੇਕੇ’ਤੇ ਭਰਤੀ ਮੁਲਾਜ਼ਮਾਂ ਨੂੰ ਪੱਕਾ ਕਰਵਾਉਣ, ਸਰਕਾਰੀ ਫੰਡ ਵਿੱਚੋਂ ਨਵੀਆਂ ਬੱਸਾਂ ਪਵਾਉਣ, ਤੇ ਕਿਲੋਮੀਟਰ ਸਕੀਮ ਬੱਸਾਂ ਬੰਦ ਕਰਵਾਉਣ, ਰੋਡਵੇਜ਼ ਦੇ ਹੱਕ ਦੀ ਟ੍ਰਾਂਸਪੋਰਟ ਨੀਤੀ ਲਾਗੂ ਕਰਾਉਣ, ਰੋਡਵੇਜ਼ ਦੇ ਟਾਈਮ ਟੇਬਲਾਂ ਵਿੱਚ ਪ੍ਰਾਈਵੇਟ ਟ੍ਰਾਂਸਪੋਰਟਰਾਂ ਦੀ ਦਖਲ ਅੰਦਾਜ਼ੀ ਬੰਦ ਕਰਵਾਉਣ, ਰੋਡਵੇਜ਼ ਦਾ ਫਲੀਟ ਪੂਰਾ ਕਰਵਾਉਣ, ਵਰਕਸ਼ਾਪ ਸਟਾਫ਼ ਦੀ ਘਾਟ ਪੂਰੀ ਕਰਵਾਉਣ, 2004 ਤੋਂ ਚੱਲ ਰਹੀ ਨਵੀਂ ਪੈਨਸ਼ਨ ਸਕੀਮ ਬੰਦ ਕਰਾਉਣ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣ ਆਦਿ ਮੰਗਾਂ ਦੀ ਪੂਰਤੀ ਲਈ ਪਟਿਆਲਾ ਵਿਖੇ ਵਿਸ਼ਾਲ ਰੋਸ ਮੁਜ਼ਾਹਰਾ ਕਰੇਗਾ ਜਿਸ ਵਿੱਚ ਰੋਡਵੇਜ਼ ਕਾਮ, ਪਨਬਸ ਕਾਮਾ, ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਰੋਡਵੇਜ਼ ਦੇ ਉੱਚ ਅਧਿਕਾਰੀਆਂ ਅਤੇ ਸਰਕਾਰ ਵੱਲੋਂ ਵਾਰ ਵਾਰ ਐਕਸ਼ਨ ਕਮੇਟੀ ਨੂੰ ਉਪਰੋਕਤ ਮੰਗਾਂ ਨੂੰ ਪੂਰੀਆਂ ਕਰਨ ਦਾ ਵਾਅਦਾ ਦਿੱਤਾ ਗਿਆ ਸੀ ਪਰ ਇਹ ਵਾਅਦਾ ਹੁਣ ਤੱਕ ਵਫਾ ਨਹੀਂ ਹੋਇਆ ਹੈ। ਜਿਸ ਕਾਰਨ ਰੋਡਵੇਜ਼ ਮੁਲਾਜ਼ਮਾਂ/ ਪਨਬਸ ਕਾਮਿਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਤੇ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹਨ। ਇਸ ਤੋਂ ਇਲਾਵਾ ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਬ੍ਰਾਂਚ ਮੋਗਾ ਦੇ ਸੀ.ਮੀਤ ਪ੍ਰਧਾਨ ਇੰਦਰਜੀਤ ਸਿੰਘ ਭਿੰਡਰ ਵੱਲੋਂ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਜਨਵਰੀ 2017 ਤੇ ਜੁਲਾਈ 2017 ਤੋਂ ਬਣਦੀ ਡੀ.ਏ. ਦੀ ਕਿਸ਼ਤ ਰਲੀਜ਼ ਕੀਤੀ ਜਾਵੇ ਤੇ ਪਿਛਲੀਆਂ ਕਿਸ਼ਤਾਂ ਦੇ ਰਹਿੰਦੇ ਬਕਾਏ ਵੀ ਤੁਰੰਤ ਦਿੱਤੇ ਜਾਣ। ਉਨਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਉੱਚ ਅਧਿਕਾਰੀਆਂ ਨੂੰ ਤਾਂ ਡੀ.ਏ. ਦੀਆਂ ਕਿਸ਼ਤਾਂ ਅਤੇ ਬਕਾਏ ਨਗਦ ਦੇ ਦਿੱਤੇ ਗਏ ਹਨ ਪਰ ਛੋਟੇ ਮੁਲਾਜ਼ਮਾਂ ਨੂੰ ਦੇਣ ਤੋਂ ਸਰਕਾਰ ਪਾਸਾ ਵੱਟ ਰਹੀ ਹੈ। ਸਰਕਾਰ ਦੀਆਂ ਨਜ਼ਰਾਂ ਵਿੱਚ ਇਹ ਛੋਟੇ ਮੁਲਾਜ਼ਮ ਤਾਂ ਅਮੀਰ ਹਨ ਪਰ ਉੱਚ ਅਧਿਕਾਰੀ ਗਰੀਬ ਹਨ। ਇਸ ਗੇਟ ਰੈਲੀ ਨੂੰ ਏਟਕ ਦੇ ਸੂਬਾਈ ਕੈਸ਼ੀਅਰ ਪੋਹਲਾ ਸਿੰਘ ਬਰਾੜ, ਰੋਡਵੇਜ਼ ਕਰਮਚਾਰੀ ਦਲ ਦੇ ਜ.ਸਕੱਤਰ ਦੁਪਿੰਦਰ ਸਿੰਘ, ਸਰਪ੍ਰਸਤ ਜਗਜੀਤ ਸਿੰਘ ਖਾਲਸਾ, ਇੰਟਕ ਦੇ ਚੇਅਰਮੈਨ ਗੁਰਦੇਵ ਸਿੰਘ, ਪ੍ਰਧਾਨ ਖੁਸ਼ਪਾਲ ਰਿਸ਼ੀ ਤੇ ਜਲਦੀਪ ਸਿੰਘ ਜਨਰਲ ਸਕੱਤਰ ਨੇ ਵੀ ਸੰਬੋਧਨ ਕੀਤਾ।


