ਯੂਨੀਸੈੱਫ ਵੱਲੋਂ ਸਿਹਤ ਖੇਤਰ ਦੀ ਕਵਰੇਜ ਵਾਸਤੇ ਪੱਤਰਕਾਰਾਂ ਨੂੰ ਹੁਨਰਮੰਦ ਬਣਾਉਣ ਲਈ ਵਰਕਸ਼ਾਪ ਲਗਾਈ ਗਈ

* ਯੂਨੀਸੈੱਫ ਦੇ ਸੱਦੇ ’ਤੇ ਪੁੱਜੇ ਪੱਤਰਕਾਰ ਦੇਸ਼ ਭਰ ਵਿਚ ਸਮੁਦਾਇਕ ਸਿਹਤ ਦੇ ਟੀਚੇ ਦੀ ਪ੍ਰਾਪਤੀ ਲਈ ਸੂਤਰਧਾਰ ਦਾ ਕੰਮ ਕਰਨਗੇ-ਸੋਨੀਆ ਸਰਕਾਰ
ਨਵੀਂ ਦਿੱਲੀ,21 ਸਤੰਬਰ (ੳੂਸ਼ਾ ਕੌਰ ਜਸ਼ਨ)-ਨਵੀਂ ਦਿੱਲੀ ਵਿਖੇ ਸੰਯੁਕਤ ਰਾਸ਼ਟਰ ਇੰਟਰਨੈਸ਼ਨਲ ਚਿਲਡਰਨ ਐਮਰਜੈਂਸੀ ਫੰਡ (ਯੂਨੀਸੈੱਫ ) ਵੱਲੋਂ ਸਿਹਤ ਸਬੰਧੀ ਕਵਰੇਜ ਮੌਕੇ ਸੂਖਮ ਮੁਲਾਂਕਣ ਦੇ ਹੁਨਰ ਨੂੰ ਪੈਦਾ ਕਰਨ ਲਈ ਪੱਤਰਕਾਰਾਂ ਦੀ ਵਰਕਸ਼ਾਪ ਲਗਾਈ ਗਈ । ‘ਜ਼ਰੂਰੀ ਜਾਂਚ ਪਰਖ ਅਤੇ ਸਿਹਤ ਪੱਤਰਕਾਰ’ ਅਤੇ ‘ਜ਼ਿੰਦਗੀ ਲਈ ਲਿਖੋ’ ਵਿਸ਼ਿਆਂ ਤਹਿਤ ਸਿਹਤ ਖੇਤਰ ਵਿਚ ਸਹੀ ਅਤੇ ਸੰਤੁਲਿਤ ਤਰੀਕੇ ਨਾਲ ਕਵਰੇਜ ਕਰਨ ਲਈ ਪੱਤਰਕਾਰਾਂ ਨੂੰ ਹੁਨਰਮੰਦ ਬਣਾਉਣ ਵਾਸਤੇ ਯੂਨੀਸੈੱਫ ਦੀ ਸੰਚਾਰ ਅਫਸਰ (ਮੀਡੀਆ) ਮੈਡਮ ਸੋਨੀਆ ਸਰਕਾਰ ਦੀ ਅਗਵਾਈ ਵਿਚ ਤਿੰਨ ਦਿਨ ਚੱਲੀ ਇਸ ਵਰਕਸ਼ਾਪ ਦੌਰਾਨ ਸੀਨੀਅਰ ਪੱਤਰਕਾਰ ਮੈਡਮ ਆਰਤੀ ਧਰ ਅਤੇ ਸੀਨੀਅਰ ਪੱਤਰਕਾਰ ਐਮ ਐੱਚ ਗਜ਼ਾਲੀ ਨੇ ਵੱਖ ਵੱਖ ਰਾਜਾਂ ਤੋਂ ਆਏ ਪੱਤਰਕਾਰਾਂ ਨੂੰ ਜਨਤਕ ਸਿਹਤ ਸਬੰਧੀ ਪੱਤਰਕਾਰੀ ਕਰਦਿਆਂ ਵਿਸ਼ੇਸ਼ ਢੰਗ ਤਰੀਕਿਆਂ ਦਾ ਗਿਆਨ ਦਿੱਤਾ। ਵਰਕਸ਼ਾਪ ਦੇ ਪਹਿਲੇ ਦਿਨ ਮੈਡਮ ਆਰਤੀ ਧਰ ਅਤੇ ਐਮ ਐੱਚ ਗਜ਼ਾਲੀ ਨੇ ਪੱਤਰਕਾਰਾਂ ਨੂੰ ਵੱਖ ਵੱਖ ਗਰੁੱਪਾਂ ਵਿਚ ਵੰਡ ਕੇ ਸਿਹਤ ਸਬੰਧੀ ਵੱਖ ਵੱਖ ਵਿਸ਼ਿਆਂ ’ਤੇ ਸਮੂਹਿਕ ਚਰਚਾ ਕਰਨ ਦਾ ਮੌਕਾ ਦਿੱਤਾ। ਇਸ ਮੌਕੇ ਪੱਤਰਕਾਰਾਂ ਨੂੰ ਖਬਰਾਂ ਦੀ ਰੇਟਿੰਗ ਕਰਨ ਲਈ ਕਿਹਾ ਗਿਆ ਜਿਸ ਉਪਰੰਤ ਕਿਸੇ ਵੀ ਖਬਰ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਲੋੜੀਂਦੇ ਸੂਤਰਾਂ ਦਾ ਜ਼ਿਕਰ ਕਰਨ ਅਤੇ ਤੱਥਾਂ ਦੀ ਪੜਤਾਲ ਜ਼ਿੰਮੇਵਾਰ ਅਧਿਕਾਰੀਆਂ ਤੋਂ ਕਰਨ ਨੂੰ ਯਕੀਨੀ ਬਣਾਉਂਦਿਆਂ ਖਬਰਾਂ ਦੀ ਗੁਣਵਤਾ ਵਧਾਉਣ ਲਈ ਪ੍ਰਯੋਗੀ ਤੌਰ ’ਤੇ ਸਿਖਲਾਈ ਦਿੱਤੀ ਗਈ । ਇਸ ਮੌਕੇ ਸੋਨੀਆ ਸਰਕਾਰ ਨੇ ਸੰਬੋਧਨ ਕਰਦਿਆਂ ਆਖਿਆ ਕਿ ਯੂਨੀਸੈੱਫ ਦੇ ਸੱਦੇ ’ਤੇ ਪੁੱਜੇ ਪੱਤਰਕਾਰ ਅਤੇ ਬੁੱਧੀਜੀਵੀਆਂ ਦੀ ਟੀਮ ਦੇਸ਼ ਭਰ ਵਿਚ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਵਿਚ ਸੂਤਰਧਾਰ ਦਾ ਕੰਮ ਕਰੇਗੀ । ਉਹਨਾਂ ਨੇ ਪੱਤਰਕਾਰਾਂ ਨੂੰ ਵੱਖ ਵੱਖ ਜ਼ਿਲਿਆਂ ਵਿਚ ਕਾਰਜਸ਼ਾਲਾਵਾਂ ਕਰਵਾਉਣ ਦੀ ਅਪੀਲ ਕੀਤੀ ਤਾਂ ਕਿ ਪੱਤਰਕਾਰਾਂ ਵੱਲੋਂ ਸਰਵਜਨਿਕ ਸਿਹਤ ਸਬੰਧੀ ਜਾਣਕਾਰੀ ਨਾਲ ਲੈੱਸ ਹੋ ਕੇ ਸਿਹਤ ਖੇਤਰ ਵਿਚ ਕੀਤੀ ਪ੍ਰਭਾਵਸ਼ਾਲੀ ਕਵਰੇਜ ਸਦਕਾ ਸਮੁਦਾਇਕ ਸਿਹਤ ਦੇ ਟੀਚੇ ਦੀ ਪ੍ਰਾਪਤੀ ਸੰਭਵ ਹੋ ਸਕੇ । ਇਸ ਮੌਕੇ ਟੀਕਾਕਰਨ,ਰੋਗਾਣੂਨਾਸ਼ਕ ਦਵਾਈਆਂ ਦੇ ਇਸਤੇਮਾਲ, ਸਵੱਛਤਾ ਅਭਿਆਨ , ਕੌਮੀਂ ਸਿਹਤ ਮਿਸ਼ਨ ਅਤੇ ਕੌਮੀਂ ਸਿਹਤ ਨੀਤੀ ਆਦਿ ਵਿਸ਼ਿਆਂ ਦੀਆਂ ਸਲਾਈਡ ਪ੍ਰੈਸਨਟੇਸ਼ਨਾਂ ਦਿਖਾਉਣ ਉਪਰੰਤ ਪ੍ਰਸ਼ਨ ਉੱਤਰ ਮੁਕਾਬਲੇ ਕਰਵਾਏ ਗਏ। ਇਸ ਮੌਕੇ ਅਮਰ ਉਜਾਲਾ ਪ੍ਰਕਾਸ਼ਨ ਸਮੂਹ ਤੋਂ ਸੰਜੇ ਅਭਿਗਿਆਨ ਨੇ ਪੱਤਰਕਾਰਾਂ ਵੱਲੋਂ ਭੇਜੀ ਜਾਣ ਵਾਲੀ ਖਬਰ ਨੂੰ ਪ੍ਰਭਾਵਸ਼ਾਲੀ ਬਣਾਏ ਜਾਣ ਦੇ ਨੁਕਤੇ ਦੱਸਦਿਆਂ ਆਖਿਆ ਕਿ ਸਿਹਤ ਪੱਤਰਕਾਰ ਦਾ ਨਿਸ਼ਾਨਾ ਸਿਹਤ ਖੇਤਰ ਦੀ ਕਿਸੇ ਘਟਨਾ ਦੇ ਹੱਕ ਜਾਂ ਵਿਰੋਧ ਵਿਚ ਪੱਖਪਾਤੀ ਹੋਣ ਦੀ ਬਜਾਏ ‘ਜ਼ਿੰਦਗੀ’ ਦੇ ਹੱਕ ਵਿਚ ਖਬਰ ਲਿਖਣਾ ਹੋਣਾ ਚਾਹੀਦਾ ਹੈ । ਇਸ ਤੋਂ ਪਹਿਲਾਂ ਇੰਡੀਅਨ ਹੈਬੀਟੈਟ ਕੇਂਦਰ ਵਿਖੇ ‘ਸਵੱਛ ਭਾਰਤ ਮਿਸ਼ਨ ’ ਦੇ ਤੀਜੇ ਸਾਲ ਦੀ ਸਮਾਪਤੀ ਦੇ ਅੰਤ ਵਿਚ ‘ਕੌਮੀਂ ਪੱਧਰ ’ਤੇ ਚੱਲ ਰਹੇ ਅਭਿਆਨ ‘ਸਵੱਛਤਾ ਹੀ ਸੇਵਾ ’ ਤਹਿਤ ਆਮ ਲੋਕਾਂ ਨੂੰ ਦੇਸ਼ ਦੇ ਕੋਨੇ ਕੋਨੇ ਦੀ ਸਫਾਈ ਲਈ ਪ੍ਰੇਰਿਤ ਕਰਨ ਦਾ ਸੰਕਲਪ ਲੈਂਦਿਆਂ ਮੀਡੀਆ ਦੇ ਪ੍ਰਭਾਵਸ਼ਾਲੀ ਯੋਗਦਾਨ ਨੂੰ ਮਹਿਸੂਸ ਕਰਦਿਆਂ ਮੀਡੀਆ ਘਰਾਣਿਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਤਿੰਨ ਰੋਜ਼ਾ ਵਰਕਸ਼ਾਪ ਵਿਚ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਮੋਗਾ ਜ਼ਿਲੇ ਤੋਂ ਦੂਰਦਰਸ਼ਨ ਜਲੰਧਰ ਅਤੇ ਆਲ ਇੰਡੀਆ ਰੇਡੀਓ ਚੰਡੀਗੜ ਦੀ ਪ੍ਰਤੀਨਿੱਧ ੳੂਸ਼ਾ ਕੌਰ ਜਸ਼ਨ ਅਤੇ ਤਰਨਤਾਰਨ ਤੋਂ ਪੱਤਰਕਾਰ ਅਮਿਤ ਮਰਵਾਹਾ ਨੇ ਸ਼ਮੂਲੀਅਤ ਕੀਤੀ।


