ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਨੀਲੇ ਕਾਰਡ ਧਾਰਕਾਂ ਨੇ ਸੁਣਾਏ ਦੁੱਖੜੇ

ਮੋਗਾ, 25 ਸਤੰਬਰ (ਜਸ਼ਨ)-ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੱਲੋਂ ਬੱਧਨੀ ਕਲਾਂ ਵਾਸੀਆਂ ਦੀਆਂ ਵਿਸ਼ੇਸ ਤੌਰ ਤੇ ਸਮੱਸਿਆਵਾਂ ਸੁਣੀਆਂ ਗਈਆਂ ਜਿਸ ਦੌਰਾਨ ਵੱਡੀ ਗਿਣਤੀ ਵਿਚ ਨੀਲੇ ਕਾਰਡ ਧਾਰਕ ਪਰਿਵਾਰਾਂ ਵੱਲੋਂ ਆਪਣੇ ਦੁੱਖੜੇ ਰੋਂਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਗਰੀਬਾਂ ਨੂੰ ਬਿਲਕੁਲ ਹੀ ਮਾਰਨ ਦੀ ਧਾਰੀ ਹੋਈ ਹੈ। ਉੱਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਗਰੀਬਾਂ ਨੂੰ ਮਿਲਣ ਵਾਲੀਆਂ ਦਾਲਾਂ ਆਦਿ ਨੂੰ ਬੰਦ ਕਰਕੇ ਜਿੱਥੇ ਗਰੀਬਾਂ ਨੂੰ ਬੇਹੱਦ ਦੁਖੀ ਕੀਤਾ ਹੈ, ਉੱਥੇ ਵੱਡੀ ਗਿਣਤੀ ਵਿਚ ਲੋੜਵੰਦਾਂ ਤੇ ਬੇਸਹਾਰਾਂ ਦੇ ਬਣੇ ਹੋਏ ਨੀਲੇ ਕਾਰਡਾਂ ਨੂੰ ਕੱਟ ਕੇ ਗਰੀਬ ਪਰਿਵਾਰਾਂ ਦੇ ਹਿਰਦਿਆਂ ਨੂੰ ਹੋਰ ਵਲੂੰਧਰ ਦਿੱਤਾ ਹੈ। ਇਸ ਸਬੰਧੀ ਮੌਕੇ ਤੇ ਹੀ ਵਿਧਾਇਕ ਬਿਲਾਸਪੁਰ ਨੇ ਉੱਚ ਅਧਿਕਾਰੀਆਂ ਨਾਲ ਫੋਨ ਤੇ ਰਾਬਤਾ ਪੈਦਾ ਕੀਤਾ ਤਾਂ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਇਨਸਾਫ ਦਿੱਤੇ ਜਾਣ ਦਾ ਵਿਸ਼ਵਾਸ ਦਵਾਇਆ ਗਿਆ। ਇਸ ਮੌੇਕੇ ਵਿਧਾਇਕ ਬਿਲਾਸਪੁਰ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਾਰਟੀ ਬਾਜੀ ਤੋਂ ਉਪਰ ਉੱਠਕੇ ਲੋਕਾਂ ਦੇ ਮਸਲਿਆਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਕੇ ਉਨਾਂ ਦੇ ਹੱਲ ਲਈ ਹਮੇਸ਼ਾਂ ਹੀ ਯਤਨਸ਼ੀਲ ਹਨ। ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਬਲਦੇਵ ਸਿੰਘ ਨੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ । ਇਸ ਮੌਕੇ ਐਮ.ਸੀ ਕੁਲਦੀਪ ਸਿੰਘ ਮਿਆਣਾ, ਐਮ.ਸੀ ਭੋਲਾ ਸਿੰਘ ਅਤੇ ਮਲਕੀਤ ਸਿੰਘ ਧਾਲੀਵਾਲ ਸਮੇਤ ਵੱਡੀ ਗਿਣਤੀ ਵਿਚ ਨੀਲੇ ਕਾਰਡ ਧਾਰਕ ਹਾਜ਼ਰ ਸਨ।