‘ ਸਵੱਛਤਾ ਹੀ ਸੇਵਾ’ ਪੰਦਰਵਾੜੇ ਤਹਿਤ ਸਹਾਇਕ ਕਮਿਸ਼ਨਰ ਨੇ ਦਫ਼ਤਰਾਂ ਦੀ ਸਾਫ਼-ਸਫ਼ਾਈ ਦਾ ਲਿਆ ਜ਼ਾਇਜ਼ਾ

ਮੋਗਾ 25 ਸਤੰਬਰ(ਜਸ਼ਨ)-‘ਸਵੱਛਤਾ ਹੀ ਸੇਵਾ ‘ ਵਿਸ਼ੇ ’ਤੇ ਮਨਾਏ ਜਾ ਰਹੇ ਵਿਸ਼ੇਸ਼ ਪੰਦਰਵਾੜੇ ਤਹਿਤ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ‘ ਸਵੱਛਤਾ ਦਿਵਸ’ ਮਨਾਇਆ ਗਿਆ। ਇਸ ਮੌਕੇ ਸਮੂਹ ਦਫ਼ਤਰਾਂ ਦੇ ਕ੍ਰਮਚਾਰੀਆਂ ਵੱਲੋਂ ਆਪੋ-ਆਪਣੇ ਦਫ਼ਤਰਾਂ ਵਿੱਚ ਵਲੰਟੀਅਰ ਤੌਰ ’ਤੇ ਸਾਫ਼-ਸਫ਼ਾਈ ਕੀਤੀ ਗਈ।ਇਸ ਮੌਕੇ ਸਹਾਇਕ ਕਮਿਸ਼ਨਰ ਹਰਪ੍ਰੀਤ ਸਿੰਘ ਅਟਵਾਲ ਨੇ ਅਧਿਕਾਰੀਆਂ ਅਤੇ ਕ੍ਰਮਚਾਰੀਆਂ ਨੂੰ ਦਫ਼ਤਰਾਂ ਦੇ ਕਮਰਿਆਂ ਵਿੱਚ ਮੇਜ਼, ਕੁਰਸੀਆਂ, ਅਲਮਾਰੀਆਂ, ਛੱਤਾਂ, ਪੱਖੇ ਤੇ ਟਿਊਬ ਲਾਈਟਾਂ ਆਦਿ ਦੀ ਸਾਫ਼-ਸਫ਼ਾਈ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ ਅਤੇ ਵੱਖ-ਵੱਖ ਦਫ਼ਤਰਾਂ ‘ਚ ਜਾ ਕੇ ਸਾਫ਼-ਸਫ਼ਾਈ ਦਾ ਜ਼ਾਇਜ਼ਾ ਵੀ ਲਿਆ। ਉਨਾਂ ਕ੍ਰਮਚਾਰੀਆਂ ਨੂੰ ਫ਼ਾਈਲਾਂ ਸੁਚੱਜੇ ਢੰਗ ਨਾਲ ਅਤੇ ਤਰਤੀਬਵਾਰ ਰੱਖਣ ਦੀ ਵੀ ਹਦਾਇਤ ਕੀਤੀ। ਉਨਾਂ ਸਫ਼ਾਈ ਠੇਕੇਦਾਰ ਨੂੰ ਜ਼ਿਲਾ ਪ੍ਰੀਸ਼ਦ ਕੰਪਲੈਕਸ ਦੇ ਬਾਹਰ ਅਤੇ ਤਹਿਸੀਲਦਾਰ ਰੂਮ ਦੇ ਪਿਛਲੇ ਪਾਸੇ ਪਏ ਕੂੜਾ ਕਰਕੱਟ ਨੂੰ ਤਰੁੰਤ ਚੁਕਵਾਉਣ ਦੇ ਆਦੇਸ਼ ਦਿੱਤੇ। ਉਨਾਂ ਦੱਸਿਆ ਕਿ ਇਸ ਪੰਦਰਵਾੜੇ ਅਧੀਨ ਆਮ ਲੋਕਾਂ ਨੂੰ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਤਾਂ ਜੋ ਗੰਦਗੀ ਕਾਰਣ ਫ਼ੈਲਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।


