ਪੇਰੈਂਟਸ ਐਸੋਸੀਏਸ਼ਨ ਪੰਜਾਬ ਰਾਜੀਵ ਨੂੰ ਇਨਸਾਫ ਦਿਵਾਉਣ ਲਈ ਅੱਜ ਮਿਲੇਗੀ ਐਸ.ਐਸ.ਪੀ. ਮੋਗਾ ਨੂੰ

ਲੁਧਿਆਣਾ,1 ਅਕਤੂਬਰ (ਜਸ਼ਨ):ਆਰੀਆ ਮਾਡਲ ਸਕੂਲ ਮੋਗਾ ਦੀ ਮੈਨੇਜਮੈਂਟ ਵੱਲੋਂ ਪੁਲਿਸ ਨਾਲ ਮਿਲੀਭੁਗਤ ਕਰਕੇ ਸਿਕਾਇਤਕਰਤਾ ਮਾਪਿਆਂ ਨੂੰ ਕੁਟਵਾਉਣ, ਸਿਕਾਇਤਾਂ ਵਾਪਿਸ ਕਰਵਾਉਣ ਦੇ ਪੇਪਰਾਂ ਤੇ ਦਬਾਅ ਅਧੀਨ ਦਸਤਖਤ ਕਰਵਾਉਣ, ਬੱਚਿਆਂ ਨੂੰ ਜਬਰੀ ਸਕੂਲ ਵਿੱਚੋਂ ਹਟਾ ਦੇਣ ਅਤੇ ਰਾਜੀਵ ਕੁਮਾਰ ਨੂੰ ਮਾਨਸਿਕ ਅਤੇ ਸਮਾਜਿਕ ਤੌਰ ਤੇ ਜ਼ਲੀਲ ਕਰਕੇ ਆਤਮ ਹੱਤਿਆ ਕਰਨ ਦੀ ਘਟਨਾ ਨੇ ਪੂਰੇ ਪੰਜਾਬ ਦੇ ਜਾਗਰੂਕ ਮਾਪਿਆਂ ਨੂੰ ਹਲੂਣ ਕੇ ਰੱਖ ਦਿੱਤਾ ਹੈ ਤੇ ਮਾਪੇ ਇਸ ਘਟਨਾ ਦੇ ਵਿਰੋਧ ਵਿੱਚ ਲਾਮਬੰਦ ਹੋਣੇ ਸ਼ੁਰੂ ਹੋ ਚੁੱਕੇ ਹਨ । ਇਸ ਸਬੰਧੀ ਅੱਜ ਪੰਜਾਬ ਦੇ ਲੱਗਭਗ ਸਾਰਿਆਂ ਜਿਲਿਆਂ ਦੀਆਂ ਪੇਰੈਂਟਸ ਸੰਸਥਾਵਾਂ ਦੀ ਇੱਕ ਹੰਗਾਮੀ ਮੀਟਿੰਗ ਸਰਕਟ ਹਾਊਸ ਲੁਧਿਆਣਾ ਵਿਖੇ ਹੋਈ, ਜਿਸ ਵਿੱਚ ਮੋਗਾ ਜਿਲੇ ਤੋਂ ਪੇਰੈਂਟਸ ਐਸੋਸੀਏਸ਼ਨ ਦੇ ਚੀਫ ਪੈਟਰਨ ਮਹਿੰਦਰ ਪਾਲ ਲੂੰਬਾ, ਪੈਟਰਨ ਹਰਭਜਨ ਸਿੰਘ ਬਹੋਨਾ ਅਤੇ ਭੀਮ ਸੈਨ ਸ਼ਾਮਿਲ ਹੋਏ । ਮੀਟਿੰਗ ਵਿੱਚ ਮਹਿੰਦਰ ਪਾਲ ਲੂੰਬਾ ਨੇ ਸੂਬਾ ਕਮੇਟੀ ਨੂੰ ਸਾਰੀ ਘਟਨਾ ਤੋਂ ਜਾਣੂ ਕਰਵਾਇਆ, ਜਿਸ ਤੋਂ ਬਾਅਦ ਸਾਥੀ ਸਰੂਪ ਸਿੰਘ ਲੁਧਿਆਣਾ ਨੇ ਇਸ ਘਟਨਾ ਦਾ ਨਿੰਦਾ ਮਤਾ ਪੇਸ਼ ਕੀਤਾ, ਜਿਸ ਨੂੰ ਸਭ ਨੇ ਹੱਥ ਖੜੇ ਕਰਕੇ ਪ੍ਵਾਨਗੀ ਦਿੱਤੀ । ਇਸ ਤੋਂ ਬਾਅਦ ਸਾਰੀਆਂ ਜਿਲੇ ਕਮੇਟੀਆਂ ਨੇ ਇਸ ਤੇ ਆਪਣੇ ਵਿਚਾਰ ਪੇਸ਼ ਕੀਤੇ । ਸਭ ਦੀ ਸਹਿਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਬੁੱਧਵਾਰ ਸੁਬਹ 11 ਵਜੇ ਐਸ.ਐਸ.ਪੀ. ਮੋਗਾ ਨੂੰ ਮਿਲ ਕੇ ਦੋਸ਼ੀਆਂ ਖਿਲਾਫ ਹੁਣ ਤੱਕ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਲਈ ਜਾਵੇਗੀ । ਦੋਸ਼ੀ ਪੁਲਿਸ ਕਰਮਚਾਰੀਆਂ ਨੂੰ ਤੁਰੰਤ ਡਿਊਟੀ ਤੋਂ ਮੁਅੱਤਲ ਕਰਨ ਅਤੇ ਸਕੂਲ ਮੈਨੇਜਮੈਂਟ ਤੇ ਸ਼ਾਜਿਸ਼ ਅਧੀਨ ਸ਼ਿਕਾਇਤਾਂ ਵਾਪਿਸ ਕਰਵਾਉਣ, ਸਕੂਲ ਵਿੱਚੋਂ ਜਬਰੀ ਬੱਚਿਆਂ ਨੂੰ ਕੱਢਣ, ਮਾਪਿਆਂ ਨੂੰ ਜਨਤਕ ਤੌਰ ਤੇ ਥਾਣੇ ਵਿੱਚ ਮਾਰ ਕੁਟਾਈ ਕਰਨ, ਜ਼ਲੀਲ ਕਰਨ ਅਤੇ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ਾਂ ਅਧੀਨ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾਵੇਗੀ । ਇਸ ਮੌਕੇ ਸਵਰਨ ਸਿੰਘ ਅਤੇ ਇੰਦਰਜੀਤ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੋਗਾ ਘਟਨਾ ਸਾਰੇ ਸੰਘਰਸ਼ਸ਼ੀਲ ਮਾਪਿਆਂ ਲਈ ਚਿੰਤਾ ਵਾਲੀ ਗੱਲ ਹੈ ਕਿ ਕਿਸ ਤਰਾਂ ਲੋਕਾਂ ਦੇ ਪੈਸੇ ਨਾਲ ਹੀ ਧਨਾਢ ਬਣੇ ਸਕੂਲ ਮਾਲਕ ਉਸੇ ਪੈਸੇ ਦਾ ਇਸਤੇਮਾਲ ਮਾਪਿਆਂ ਨੂੰ ਕੁਟਵਾਉਣ ਅਤੇ ਸ਼ਾਜਿਸ਼ਾਂ ਕਰਨ ਤੇ ਖਰਚ ਕਰ ਰਹੇ ਹਨ । ਇਸ ਮੌਕੇ ਉਹਨਾਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਮਾਪਿਆਂ ਦੇ ਹੱਕ ਵਿੱਚ ਦਿੱਤੇ ਤਾਜਾ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਸਕੂਲ ਪਹਿਲਾਂ ਤੋਂ ਹੀ ਮੁਨਾਫੇ ਵਿੱਚ ਚੱਲ ਰਹੇ ਹਨ, ਉਹ ਆਪਣੀ ਫੀਸ ਵਿੱਚ 8 ਪ੍ਤੀਸ਼ਤ ਦਾ ਵਾਧਾ ਨਹੀਂ ਕਰ ਸਕਦੇ, ਮਾਪਿਆਂ ਤੋਂ ਪਿਛਲੇ ਸਾਲ ਮੁਤਾਬਿਕ ਕੇਵਲ ਫੀਸ ਵਸੂਲੀ ਜਾ ਸਕਦੀ ਹੈ । ਫੀਸ ਦੇ ਆਧਾਰ ਤੇ ਸਕੂਲ ਦਸਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਦੀ ਸੀ.ਬੀ.ਐਸ.ਈ. ਜਾਂ ਕਿਸੇ ਹੋਰ ਬੋਰਡ ਵਿੱਰ ਰਜਿਸਟ੍ੇਸ਼ਨ ਨੂੰ ਨਹੀਂ ਰੋਕਿਆ ਜਾ ਸਕਦਾ । ਉਹਨਾਂ ਕਿਹਾ ਕਿ ਇਹਨਾਂ ਫੈਸਲਿਆਂ ਨਾਲ ਸੰਘਰਸ਼ ਕਰ ਰਹੇ ਮਾਪਿਆਂ ਨੂੰ ਵੱਡੀ ਰਾਹਤ ਮਿਲੇਗੀ । ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਫੀਸ ਰੈਗੂਲੇਟਰੀ ਐਕਟ 2016 ਵਿੱਚ ਖਾਮੀਆਂ ਨੂੰ ਦੂਰ ਕਰਵਾਉਣ ਅਤੇ ਪੰਜਾਬ ਵਿੱਚ ਪ੍ਾਈਵੇਟ ਸਕੂਲਾਂ ਵੱਲੋਂ ਸਿੱਖਿਆ ਦੇ ਨਾਮ ਤੇ ਕੀਤੀ ਜਾ ਰਹੀ ਲੁੱਟ ਤੋਂ ਮਾਪਿਆਂ ਨੂੰ ਬਚਾਉਣ ਲਈ ਪੀ.ਆਈ. ਐਲ. ਲਗਾਈ ਜਾਵੇਗੀ, ਜਿਸ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਤੇ ਲੋੜੀਂਦੇ ਡਾਕੂਮੈਂਟ ਇਕੱਤਰ ਕੀਤੇ ਜਾ ਰਹੇ ਹਨ। ਇਸ ਮੌਕੇ ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਵੱਡੀ ਗਿਣਤੀ ਵਿੱਚ ਪੇਰੈਂਟਸ ਸੰਸਥਾਵਾਂ ਦੇ ਨੁਮਾਇੰਦੇ ਹਾਜਰ ਸਨ ।


