ਮੇਕਅਪ ਆਰਟਿਸਟ ਗੀਤ ਬਰਾੜ ਦੇ ਕਤਲ ‘ਤੇ ਦੁੱਖ ਦਾ ਪ੍ਰਗਟਾਵਾ

ਸਮਾਲਸਰ, 02 ਨਵੰਬਰ (ਗਗਨਦੀਪ)- ਪ੍ਰਸਿੱਧ ਮੇਕਅਪ ਆਰਟਿਸਟ ਨਵਗੀਤ ਕੌਰ ਬਰਾੜ ਉਰਫ ਗੀਤ ਬਰਾੜ ਦੀ ਅਚਾਨਕ ਹੋਈ ਦਰਦਨਾਕ ਮੌਤ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 27 ਸਾਲਾ ਗੀਤ ਬਰਾੜ ਪਾਲੀਵੁੱਡ ਦੀ ਮੰਨੀ ਪ੍ਰਮੰਨੀ ਮੇਕਅਪ ਆਰਟਿਸਟ ਸੀ ਜਿਸਨੇ ਸ਼ੈਰੀ ਮਾਨ, ਜੱਸੀ ਗਿੱਲ, ਜਪੁਜੀ ਖਹਿਰਾ, ਹਰਜੀਤ ਹਰਮਨ, ਵੀਤ ਬਲਜੀਤ, ਰਣਜੀਤ ਬਾਵਾ ਆਦਿ ਸਮੇਤ ਅਨੇਕਾਂ ਕਲਾਕਾਰਾਂ ਨਾਲ ਕੰਮ ਕੀਤਾ ਹੈ। ਫੇਸਬੁੱਕ ‘ਤੇ ਗੀਤ ਬਰਾੜ ਦੇ ਅਕਾਉਂਟ ਵਿੱਚ ਉਸ ਦੀਆਂ ਅਨੇਕਾਂ ਕਲਾਕਾਰਾਂ ਨਾਲ ਖਿਚਵਾਈਆਂ ਫੋਟੋਆਂ ਪਾਈਆਂ ਹੋਈਆਂ ਹਨ, ਜੋ ਇਸ ਗੱਲ ਦਾ ਸਬੂਤ ਹਨ ਉਹ ਕਿੰਨੀ ਪ੍ਰਸਿੱਧ ਮੇਕਅਪ ਆਰਟਿਸਟ ਸੀ। ਜਿਕਰਯੋਗ ਹੈ ਕਿ ਗੀਤ ਬਰਾੜ ਪੁੱਤਰੀ ਕਰਨੈਲ ਸਿੰਘ ਵਾਸੀ ਵੈਰੋਕੇ ਦੀ ਗੋਲੀਆਂ ਨਾਲ ਭੁੰਨੀ ਲਾਸ਼ ਬੀਤੇ ਕੱਲ੍ਹ ਰਾਜਪੁਰਾ ਵਿਖੇ ਬਰਾਮਦ ਹੋਈ ਸੀ। ਪਟਿਆਲਾ ਪੁਲਿਸ ਵੱਲੋਂ ਕਤਲ ਦੇ ਕਥਿਤ ਦੋਸ਼ੀ ਨੂੰ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ, ਪ੍ਰੰਤੂ ਵੈਰੋਕੇ ਵਿਖੇ ਗੀਤ ਬਰਾੜ ਦੇ ਘਰ ਨੂੰ ਤਾਲਾ ਲੱਗਿਆ ਹੋਣ ਕਾਰਨ ਮਾਪਿਆਂ ਨਾਲ ਗੱਲ ਨਹੀਂ ਹੋ ਸਕੀ। ਇਲਾਕੇ ਦੀਆਂ ਸਤਿਕਾਰਯੋਗ ਸਖਸ਼ੀਅਤਾਂ ਨੇ ਗੀਤ ਬਰਾੜ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਤਾਰ ਸਿੰਘ ਸਰਾਂ, ਚੰਦ ਸਿੰਘ ਮੈਂਬਰ, ਬਾਬਾ ਵੀਰ ਸਿੰਘ ਆਦਿ ਨੇ ਅਜਿਹੀ ਹਰਕਤ ਅਤੀ ਨਿੰਦਣਯੋਗ ਆਖਿਆ। ਉਨ੍ਹਾਂ ਕਿਹਾ ਕਿ ਕਤਲ ਜਿਸ ਵੀ ਮਕਸਦ ਨਾਲ ਕੀਤਾ ਹੈ ਪੁਲਿਸ ਨੂੰ ਆਪਣੀ ਕਾਰਵਾਈ ਨਾਲ ਕਰਕੇ ਪਰਿਵਾਰ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ। ਇਸ ਮੌਕੇ ਕਾਲਾ ਸਰਾਂ, ਕਿੰਗੀ ਮੈਂਬਰ, ਭੂਮੀ ਬਰਾੜ, ਜਗਮੀਤ ਸਰਾਂ, ਅਮਨਾ ਬਰਾੜ, ਸੋਨੀ ਸਰੋਆ, ਕਾਲੂ ਵੈਹਨੀਵਾਲ, ਠਾਕਰ ਬਰਾੜ, ਕਿੰਦਾ ਔਲਖ, ਸੁਰਜੀਤ ਸਿੰਘ ਬਰਾੜ ਆਦਿ ਵੀ ਹਾਜ਼ਰ ਸਨ।


