ਹੁਣ ਸਫ਼ਾਈ ਸਬੰਧੀ ਸ਼ਿਕਾਇਤ ਕਰਨ ਲਈ ਨਿਗਮ ਦਫ਼ਤਰ ਆਉਣ ਦੀ ਲੋੜ ਨਹੀ-ਮੇਅਰ ਅਕਸ਼ਿਤ ਜੈਨ

ਮੋਗਾ 3 ਨਵੰਬਰ(ਜਸ਼ਨ)- ਆਮ ਲੋਕਾਂ ਨੂੰ ਹੁਣ ਸਫ਼ਾਈ ਸਬੰਧੀ ਲਿਖਤ ਸ਼ਿਕਾਇਤ ਲੈ ਕੇ ਨਗਰ ਨਿਗਮ ਦਫਤਰ ਵਿਖੇ ਜਾਣ ਦੀ ਲੋੜ ਨਹੀ ਪਵੇਗੀ ਅਤੇ ਆਮ ਲੋਕ ਕੇਂਦਰ ਸਰਕਾਰ ਵੱਲੋ ਨਵੇਂ ਤਿਆਰ ਕੀਤੇ Swachhata-MoHUA App ਰਾਹੀ ਸਿੱਧੇ ਇਸ ਐਪ ‘ਤੇ ਜਾ ਕੇ ਸਫ਼ਾਈ ਸਬੰਧੀ ਸ਼ਿਕਾਇਤ ਦਰਜ਼ ਕਰਵਾ ਸਕਦੇ ਹਨ ਜਿਸ ਨੂੰ ਨਿਗਮ ਅਧਿਕਾਰੀਆਂ ਵੱਲੋ ਚੈਕ ਕਰਕੇ ਜਲਦੀ ਤੋ ਜਲਦੀ ਦੂਰ ਕਰਵਾਇਆ ਜਾਵੇਗਾ।  ਇਹ ਐਪ ਪਲੇਅ ਸਟੋਰ ਵਿੱਚੋ ਆਪਣੇ ਮੋਬਾਇਲ ਫੋਨ ‘ਤੇ ਡਾਊਨ ਲੋਡ ਕੀਤਾ ਜਾ ਸਕਦਾ ਹੈ। ਇਸ Swachhata-MoHUA App  ਨੂੰ ਅੱਜ ਨਗਰ ਨਿਗਮ ਦਫ਼ਤਰ ਵਿਖੇ ਸ੍ਰੀ ਅਕਸ਼ਿਤ ਜੈਨ ਮੇਅਰ ਨਗਰ ਨਿਗਮ ਮੋਗਾ ਅਤੇ ਸ੍ਰੀ ਜੀ. ਐਸ. ਗਰੇਵਾਲ ਪੀ.ਸੀ.ਐਸ. ਕਮਿਸ਼ਨਰ ਨਗਰ ਨਿਗਮ ਮੋਗਾ ਵੱਲੋ ਸਾਂਝੇ ਤੌਰ ‘ਤੇ ਲਾਂਚ ਕੀਤਾ ਗਿਆ। ਇਸ ਮੌਕੇ ਤੇ ਉਨਾਂ ਵੱਲੋ ਇਸ ਨਵੀ ਲਾਂਚ ਐਪ ਦੇ ਕੰਮ ਕਰਨ ਬਾਰੇ ਦੱਸਿਆ ਗਿਆ ਕਿ ਜਿਵੇ ਹੀ ਕਿਸੇ ਸ਼ਿਕਾਇਤ ਕਰਤਾ ਵੱਲੋ ਸਫ਼ਾਈ ਸਬੰਧੀ ਫੋਟੋ ਖਿੱਚ ਕੇ ਇਸ ਐਪ ਤੇ ਭੇਜੀ ਜਾਵੇਗੀ, ਉਹ ਸਬੰਧਤ ਏਰੀਏ ਦੇ ਸੈਨਟਰੀ ਇੰਸਪੈਕਟਰ ਕੋਲ ਪਹੁੰਚ ਜਾਵੇਗੀ। ਉਨਾਂ ਦੱਸਿਆ ਕਿ ਇਹ ਸਿਸਟਮ ਜੀ.ਪੀ.ਐਸ. ਬੇਸਡ ਹੋਣ ਕਰਕੇ ਖਿੱਚੀ ਗਈ ਫੋਟੋ ਦੀ ਜਗਾਂ ਦਾ ਆਪਣੇ ਆਪ ਪਤਾ ਲਗ ਜਾਣਾ ਹੈ ਅਤੇ ਇਸ ਸ਼ਿਕਾਇਤ ਨੂੰ ਜਲਦ ਤੋਂ ਜਲਦ ਦੂਰ ਕਰਵਾਇਆ ਜਾਵੇਗਾ ਕਿੳਂੁਕਿ ਇਸ ਐਪ ‘ਤੇ ਆਉਣ ਵਾਲੀ ਹਰ ਸ਼ਿਕਾਇਤ ਬਾਰੇ ਕੇਂਦਰ ਸਰਕਾਰ ਵੱਲੋਂ ਵੀ ਨਜਰ ਰੱਖੀ ਜਾਵੇਗੀ। ਉਨਾਂ ਇਹ ਵੀ ਦੱਸਿਆ ਕਿ ਨਿਗਮ ਵੱਲੋ ਇਸ ਸ਼ਿਕਾਇਤ ਬਾਰੇ ਹੋਣ ਵਾਲੀ ਦਫ਼ਤਰੀ ਕਾਰਵਾਈ ਬਾਰੇ ਸ਼ਿਕਾਇਤ ਕਰਤਾ ਨੂੰ ਆਟੋਮੈਟਿਕ ਮੈਸਜ਼ ਰਾਹੀਂ ਸੂਚਨਾ ਮਿਲਦੀ ਰਹੇਗੀ।  ਇਸ ਮੌਕੇ ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਇਸ ਐਪ ‘ਤੇ ਲੋਕ 9 ਤਰਾਂ ਦੀਆਂ ਸ਼ਿਕਾਇਤਾਂ ਦਰਜ਼ ਕਰਵਾ ਸਕਦੇ ਹਨ, ਜਿਵੇ ਕਿ ਕੂੜਾ ਕਰਕਟ ਉਠਾਉਣ ਵਾਲੀ ਗੱਡੀ ਦੇ ਨਾ ਆਉਣ ਬਾਰੇ, ਸੜਕ ‘ਤੇ ਲੱਗੇ ਕੂੜੇ ਦੇ ਢੇਰਾਂ, ਸਫ਼ਾਈ ਕਰਮਚਾਰੀ ਵੱਲੋ ਇਲਾਕੇ ਵਿੱਚ ਝਾੜੂ ਨਾ ਲਗਾਉਣ, ਮੁਰਦਾ ਜਾਨਵਰਾਂ ਸਬੰਧੀ, ਡਸਟਬਿਨ ਸਾਫ਼ ਨਾ ਹੋਣ ਬਾਰੇ, ਜਨਤਕ ਪਖਾਨਿਆਂ ਵਿੱਚ  ਸਾਫ ਸਫਾਈ/ਪਾਣੀ ਅਤੇ ਬਿਜਲੀ ਨਾ ਹੋਣ ਬਾਰੇ ਸੂਚਨਾਵਾਂ ਦਰਜ ਕੀਤੀਆਂ ਜਾ ਸਕਦੀਆਂ ਹਨ। ਇਸ ਮੌਕੇ ਡਿਪਟੀ ਮੇਅਰ ਜਰਨੈਲ ਸਿੰਘ, ਰਵਿੰਦਰ ਸਿੰਗਲਾ ਐਕਸੀਅਨ ਨਗਰ ਨਿਗਮ ਮੋਗਾ, ਸੰਦੀਪ ਕਟਾਰੀਆ ਚੀਫ ਸੈਨਟਰੀ ਇੰਸਪੈਕਟਰ, ਗੁਰਪ੍ਰੀਤ ਸਿੰਘ ਕੌਂਸਲਰ, ਬਿੱਕਰ ਸਿੰਘ ਕੌਂਸਲਰ, ਵੀਰਭਾਨ ਕੌਂਸਲਰ, ਗੁਰਪ੍ਰੀਤ ਸਿੰਘ ਐਸ.ਡੀ.ੳ. ਵਿੱਪਨ ਹਾਂਡਾ, ਅਰਜੁਨ ਸਿੰਘ ਸੈਨਟਰੀ ਇੰਸਪੈਕਟਰ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।