ਗੁਰੂ ਨਾਨਕ ਦੇਵ ਜੀ ਵਿੱਚੋਂ ਝਲਕਦੀ ਹੈ ਸਭੇ ਸਾਂਝੀਵਾਲਤਾ ਦੀ ਤਸਵੀਰ: ਡਾ. ਹਰਜੋਤ

ਮੋਗਾ, 3 ਨਵੰਬਰ (ਜਸ਼ਨ): ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦੇ ਹੋਏ ਕਾਮਨਾ ਕੀਤੀ ਕਿ ਪਰਮਾਤਮਾ ਸਮੂਹ ਲੋਕਾਈ ਨੂੰ ਆਪਸੀ ਭਾਈਚਾਰਾ, ਅਮਨ ਸ਼ਾਂਤੀ ਅਤੇ ਤੰਦਰੁਸਤੀ ਬਖ਼ਸ਼ੇ ਅਤੇ ਉਨਾਂ ਦਾ ਸਾਰਾ ਜੀਵਨ ਖੁਸ਼ੀਆਂ ਭਰਿਆ ਹੋਵੇ। ਡਾ. ਹਰਜੋਤ ਨੇ ਕਿਹਾ ਕਿ ਸਮੁੱਚੀ ਮਾਨਵਤਾ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਣਮੁੱਲਾ ਮਾਰਗ ਦਰਸ਼ਨ ਹਨ, ਜਿਨਾਂ ਨੂੰ ਅਪਣਾ ਕਿ ਮਨੁੱਖ ਆਪਣੇ ਜੀਵਨ ਨੂੰ ਸਫ਼ਲ ਬਣਾ ਸਕਦਾ ਹੈ। ਡਾ. ਹਰਜੋਤ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਭੇ ਸਾਂਝੀਵਾਲਤਾ, ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਅਤੇ ਜਗਤ ਨੂੰ ਤਾਰਨ ਵਾਸਤੇ ਇਸ ਸੰਸਾਰ ਵਿੱਚ ਅਵਤਾਰ ਧਾਰਿਆ ਅਤੇ ਸਮੂਹ ਜਗਤ ਦੀ ਭਲਾਈ ਲਈ ਉਦਾਸੀਆਂ ਕਰ ਕੇ ਲੋਕਾਂ ਨੂੰ ਵਹਿਮਾ ਭਰਮਾਂ ਵਿੱਚੋਂ ਕੱਢ ਕੇ ਜਾਗਰੂਕ ਕੀਤਾ। ਉਨਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਮੁੱਚਾ ਜੀਵਨ ਸਾਡੇ ਲਈ ਪ੍ਰੇਰਣਾਦਾਇਕ ਹੈ ਅਤੇ ਉਨਾਂ ਦੀਆਂ ਸਿੱਖਿਆਵਾਂ ਨੂੰ ਘਰ ਘਰ ਤੱਕ ਪਹੁੰਚਾਉਣਾ ਸਾਡਾ ਫ਼ਰਜ ਹੈ। ਡਾ. ਹਰਜੋਤ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਾਰਾ ਜੀਵਨ ਮਾਨਵ ਕਲਿਆਣ ਨੂੰ ਸਮਰਪਿਤ ਸੀ ਅਤੇ ਉਨਾਂ ਵਲੋਂ ਭੁੱਖੇ ਸਾਧੂਆਂ ਨੂੰ ਛਕਾਇਆ ਗਿਆ ਭੋਜਨ ਵੀ ਅੱਜ ਲੰਗਰ ਦੇ ਰੂਪ ਵਿੱਚ ਸੰਸਾਰ ਭਰ ਵਿੱਚ ਜਿਉ ਦਾ ਤਿਉ ਚੱਲ ਰਿਹਾ ਹੈ। ਡਾ. ਹਰਜੋਤ ਨੇ ਕਿਹਾ ਕਿ ਗੁਰੂ ਜੀ ਜਿੱਥੇ ਵੀ ਗਏ ਉਹਨਾਂ ਨੇ ਫੋਕੀਆਂ ਰਸਮਾਂ ਜਿਵੇਂ ਜਾਤ-ਪਾਤ, ਤੀਰਥ ਇਸ਼ਨਾਨ, ਫੋਕੀਆਂ ਧਾਰਮਿਕ ਰਸਮਾਂ ਦਾ ਖੰਡਨ ਕੀਤਾ ਅਤੇ ਲੋਕਾਂ ਨੂੰ ਜਾਗਰੂਕ ਕਰਕੇ ਇੱਕੋਂ ਪਰਮਾਤਮਾ ਦੇ ਲੜ ਲੱਗਣ ਦਾ ਉਪਦੇਸ਼ ਦਿੱਤਾ। ਡਾ. ਹਰਜੋਤ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਔਰਤਾਂ ਦਾ ਸਮਾਜ ਵਿੱਚ ਰੁਤਬਾ ਬਰਾਬਰ ਕਰਨ ਅਤੇ ਔਰਤਾ ਦੀ ਸਮਾਜਿਕ ਦਸ਼ਾ ਸੁਧਾਰਨ ਲਈ ਉਨਾਂ ਦੇ ਹੱਕ ਵਿੱਚ ਆਵਾਜ ਬੁਲੰਦ ਕੀਤੀ।


