ਪੰਜਾਬ ’ਚ ਖੇਤੀ ਕਿੱਤੇ ਨੂੰ ਨਵੀਆਂ ਲੀਹਾਂ ਤੇ ਲਿਆਉਣ ਅਤੇ ਲਾਹੇਵੰਦ ਬਣਾਉਣ ਦੀ ਜ਼ਰੂਰਤ : ਡਾ. ਸੁਰਜੀਤ ਪਾਤਰ

ਮੋਗਾ, 7 ਨਵੰਬਰ (ਜਸ਼ਨ) : ‘ਪੰਜਾਬ ਦੇ ਖੇਤੀ ਕਿੱਤੇ ਨੂੰ ਨਵੀਆਂ ਲੀਹਾਂ ਤੇ ਲਿਆਉਣ ਅਤੇ ਲਾਹੇਵੰਦ ਬਣਾਉਣ ਦੀ ਜ਼ਰੂਰਤ ਹੈ ਇਸ ਲਈ ਸਾਨੂੰ ਮਿਹਨਤਕਸ਼ ਕਿਸਾਨਾਂ ਦੀ ਮਿਹਨਤ ਨੂੰ ਧਿਆਨ ਵਿਚ ਰੱਖਦਿਆਂ ਇਹਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਖੇਤੀ ਇਨਕਲਾਬ ਲਿਆ ਕੇ ਪੰਜਾਬ ਤਰੱਕੀ ਦੀਆਂ ਬੁਲੰਦੀਆਂ ਛੋਹ ਸਕੇ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ‘ਆਪਣੀ ਪੈਦਾਵਾਰ ਆਪਣੀ ਮੰਡੀ’ ਮੋਗਾ ਵਿਖੇ ਕੁਦਰਤੀ ਢੰਗਾਂ ਨਾਲ ਤਿਆਰ ਕੀਤੀਆਂ ਸਬਜੀਆਂ, ਦਾਲਾਂ, ਗੰਨੇ ਆਦਿ ਖ੍ਰੀਦ ਕਰਦੇ ਸਮੇਂ ਪੰਜਾਬੀ ਦੇ ਸਾਹਿਤਕਾਰ ਪਦਮ ਸ੍ਰੀ ਸੁਰਜੀਤ ਪਾਤਰ ਨੇ ਕੀਤਾ । ਉਨਾਂ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ ਫਕੀਰਾਂ ਦੀ ਪਵਿੱਤਰ ਧਰਤੀ ਹੈ। ਇਸ ਜ਼ਮੀਨ ਵਿਚ ਵੱਖ ਵੱਖ ਮੌਸਮਾਂ ਅਨੁਸਾਰ ਹੀ ਫਸਲਾਂ ਬੀਜ ਕੇ ਆਪਣੀਆਂ ਘਰੇਲੂ ਲੋੜਾਂ ਪੂਰੀਆਂ ਕਰਦੇ ਹਨ ਅਤੇ ਬਚਿਆ ਹੋਇਆ ਅਨਾਜ ਸ਼ਹਿਰ ਵਿਚ ਮੰਡੀਕਰਨ ਕਰਦੇ ਹਨ। ਪ੍ਰੰਤੂ ਮੰਡੀਵਾਲੇ ਵਪਾਰੀ ਇਸ ਵਿਚ ਨਕਲੀ ਸੁਗੰਧੀਆਂ ਪਾ ਕੇ ਡੱਬਾ ਬੰਦ ਕਰਕੇ ਇਸ ਦੀਆਂ ਟੈਲੀਵਿਜ਼ਨਾਂ ਉਪਰ ਮਸ਼ਹੂਰੀਆਂ ਕਰਕੇ ਵਧੇਰੇ ਪੈਸਾ ਕਮਾ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਦੀ ਲੜ ਖੜਾਉਂਦੀ ਖੇਤੀ ਆਰਥਿਕਤਾ ਨੂੰ ਮੁੜ ਪੈਰਾ ਸਿਰ ਖੜਾ ਕਰਨ ਲਈ ਤਰਸਯੋਗ ਕਿਸਾਨੀ ਹਾਲਤ ਤੋਂ ਨਿਜਾਤ ਪਾਉਣ ਲਈ ਖੁਦ ਆਪਣੀ ਪੈਦਾਵਾਰ, ਆਪਣੀ ਮੰਡੀਕਰਨ ਖੇਤ ਤੋਂ ਖਪਤਕਾਰ ਦੇ ਉਪਰਾਲਿਆਂ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਮੋਗਾ ਜਿਲਾ ਪ੍ਰਸ਼ਾਸ਼ਨ ਵਧਾਈ ਦਾ ਪਾਤਰ ਹੈ, ਜੋ ਕੁਦਰਤੀ ਪੱਖੀ ਰੇਤੀ ਕਰਨ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਕੇ ਮੰਡੀਕਰਨ ਦਾ ਪ੍ਰਬੰਧ ਕੀਤਾ ਹੋਇਆ ਹੈ। ਪੰਜਾਬ ਦੇ ਖੇਤੀ ਕਿੱਤੇ ਨੂੰ ਨਵੀਆਂ ਲੀਹਾਂ ਤੇ ਪਾਉਣ ਅਤੇ ਲਾਹੇਵੰਦ ਬਣਾਉਣ ਦੀ ਜ਼ਰੂਰਤ ਹੈ। ਇਸ ਮੌਕੇ ਉਨਾਂ ਦੀ ਧਰਮ ਪਤਨੀ ਗੁਰਚਰਨ ਕੌਰ ਪਾਤਰ ਨੇ ਕਿਹਾ ਕਿ ਸਾਂਝੀ ਖੇਤੀ ਸੰਯੁਕਤ ਪਰਿਵਾਰ ਅੱਜ ਟੁੱਟ ਰਹੇ ਹਨ। ਘਰੇਲੂ ਵੰਡਾਂ ਕਾਰਨ ਜ਼ਮੀਨਾਂ ਦੇ ਟੁਕੜੇ ਹੋਰ ਛੋਟੇ ਹੋ ਗਏ ਹਨ, ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਡਾ. ਰੋਡੇ ਨੇ ਕਿਹਾ ਕਿ ਆਪਣੀ ਪੈਦਾਵਾਰ ਆਪਣੀ ਮੰਡੀ ਖੇਤ ਤੋਂ ਗਾਹਕ ਤੱਕ ਹਫਤੇ ਵਿਚ ਸੋਮਵਾਰ ਅਤੇ ਵੀਰਵਾਰ ਸ਼ਾਮ 3 ਤੋਂ 5 ਵਜੇ ਤੱਕ ਸਫਲਤਾ ਪੂਰਵਕ ਚੱਲ ਰਹੀ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਘੱਟੋ-ਘੱਟ ਆਪਣੀਆਂ ਘਰੇਲੂ ਲੋੜਾਂ ਨੂੰ ਮੁੱਖ ਰੱਖਦਿਆਂ ਕੁਦਰਤ ਪੱਖੀ ਖੇਤੀ ਪੈਦਾਵਾਰ ਕਰਨ ਅਤੇ ਬਚਿਆ ਹੋਇਆ ਅਨਾਜ ਹੀ ਮੰਡੀ ਵਿਚ ਲੈ ਕੇ ਆਉਣ ਤਾਂ ਜੋ ਉਨਾਂ ਦੀ ਉਪਜ ਦਾ ਚੰਗਾ ਮੁੱਲ ਮਿਲ ਸਕੇ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀਆਂ ਨੇ ਖ੍ਰੀਦਦਾਰੀ ਕੀਤੀ। ਉਨਾਂ ਦੱਸਿਆ ਕਿ ਕੁਦਰਤੀ ਪੱਖੀ ਖੇਤੀ ਨੂੰ ਬੜਾਵਾਂ ਦੇਣ ਲਈ ਸੰਤ ਬਾਬਾ ਗੁਰਮੀਤ ਸਿੰਘ ਖੋਸਾ ਰਣਧੀਰ ਵਾਲੇ ਵੀ ਵੱਡੀ ਪੱਧਰ ’ਤੇ ਕਿਸਾਨਾਂ ਨੂੰ ਇਸ ਪ੍ਰਤੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਡਾ. ਬਲਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਮੋਗਾ, ਮਨਰਾਜ ਪਾਤਰ, ਪਰਮਜੀਤ ਸਿੰਘ ਏ.ਐਸ.ਆਈ., ਲਵਦੀਪ ਸਿੰਘ ਏ.ਐਸ.ਆਈ., ਜੱਗਾ ਸਿੰਘ, ਪਿ੍ਰੰ: ਸੁਖਦੇਵ ਸਿੰਘ ਭਿੰਡਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਚਮਕੌਰ ਸਿੰਘ ਘੋਲੀਆ, ਬਲਵਿੰਦਰ ਸਿੰਘ ਘੋਲੀਆ, ਨਰਭਿੰਦਰ ਸਿੰਘ ਚੂਹੜਚੱਕ, ਰਾਜਾ ਸੰਘਾ ਦੁਸਾਂਝ ਨੇ ਸਟਾਲਾਂ ਲਾ ਕੇ ਸਾਮਾਨ ਵੇਚਿਆ।


