ਰੂਸੀ ਇਨਕਲਾਬ ਦੀ 100 ਵੀਂ ਵਰੇਗੰਢ ’ਤੇ ਇਨਕਲਾਬੀ ਕਾਨਫਰੰਸ ਹੋਈ

ਮੋਗਾ,7 ਨਵੰਬਰ (ਜਸ਼ਨ)- ਪੰਜਾਬ ਦੀ ਸਮੁੱਚੀ ਇਨਕਲਾਬੀ ਲਹਿਰ ਵੱਲੋਂ ਅੱਜ ਮੋਗਾ ਵਿਖੇ ‘ਅਕਤੂਬਰ ਇਨਕਲਾਬ ਸ਼ਤਾਬਦੀ ਕਮੇਟੀ ਪੰਜਾਬ’ ਦੀ ਅਗਵਾਈ ਵਿਚ ‘ਵਿਸ਼ਾਲ ਇਨਕਲਾਬੀ ਕਾਨਫਰੰਸ ’ ਕੀਤੀ ਗਈ। ਭਾਰਤੀ ਕਮਿੳੂਨਿਸਟ ਪਾਰਟੀ ਮਾਰਕਸਾਦੀ ਲੈਨਿਨਵਾਦੀ ਨਿੳੂ ਡੈਮੋਕਰੇਸੀ , ਲੋਕ ਸੰਗਰਾਮ ਮੰਚ ,ਇਨਕਲਾਬੀ ਕੇਂਦਰ ਪੰਜਾਬ ਅਤੇ ਇਨਕਲਾਬੀ ਲੋਕ ਮੋਰਚਾ ਚਾਰ ਪਾਰਟੀਆਂ ਵੱਲੋਂ ਕਰਵਾਈ ਕਾਨਫਰੰਸ ਵਿਚ ਵੱਖ ਵੱਖ ਜ਼ਿਲਿਆਂ ਤੋਂ ਵੱਡੀ ਗਿਣਤੀ ਵਿਚ ਇਨਕਲਾਬੀ ਕਾਰਕੁੰਨ ਲਾਲ ਝੰਡੇ ਲੈ ਕੇ ਇਨਕਲਾਬੀ ਨਾਅਰੇ ਲਗਾਉਂਦਿਆਂ ਕਾਨਫਰੰਸ ਵਿਚ ਸ਼ਾਮਲ ਹੋਏ ।
ਇਸ ਕਾਨਫਰੰਸ ਵਿਚ ਕਿਸਾਨ ,ਮਜ਼ਦੂਰ, ਮੁਲਾਜ਼ਮ ਅਤੇ ਔਰਤ ਜਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਲ ਸਨ । ਇਸ ਮੌਕੇ ਕਾਮਰੇਡ ਅਜਮੇਰ ਸਿੰਘ ,ਕਮਲਜੀਤ ਖੰਨਾ ,ਬਲਵੰਤ ਸਿੰਘ ਮੱਖੂ ਅਤੇ ਛਿੰਦਰ ਸਿੰਘ ਨੱਥੂਵਾਲਾ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋਏ। ਕਾਨਫਰੰਸ ਨੂੰ ‘ਅਕਤੂਬਰ ਇਨਕਲਾਬ ਸ਼ਤਾਬਦੀ ਕਮੇਟੀ ’ਦੇ ਮੈਂਬਰ ਕਾਮਰੇਡ ਦਰਸ਼ਨ ਸਿੰਘ ਖਟਕੜ ,ਮੁਖਤਿਆਰ ਸਿੰਘ ਪੂਹਲਾ ,ਸੁਖਵਿੰਦਰ ਕੌਰ ,ਲਾਲ ਸਿੰਘ ਗੋਲੇਵਾਲਾ ਅਤੇ ਜਸਪਾਲ ਸਿੰਘ ਜੱਸੀ ਆਦਿ ਨੇ ਸੰਬੋਧਨ ਕੀਤਾ । ਉਹਨਾਂ ਕਿਹਾ ਕਿ 100 ਸਾਲ ਬੀਤ ਜਾਣ ਦੇ ਬਾਵਜੂਦ ਰੂਸ ਦਾ ਮਹਾਨ ਅਕਤੂਬਰ ਇਨਕਲਾਬ ਅੱਜ ਵੀ ਦੁਨੀਆਂ ਦੇ ਮਜ਼ਦੂਰਾਂ ,ਮਿਹਨਤਕਸ਼ ਲੋਕਾਂ ਅਤੇ ਦਬੀਆਂ ਕੁੱਚਲੀਆਂ ਕੌਮਾਂ ਲਈ ਰਾਹ ਦਸੇਰਾ ਬਣਿਆ ਹੋਇਆ ਹੈ। ਉਹਨਾਂ ਆਖਿਆ ਕਿ ਇਸ ਮਹਾਨ ਇਨਕਲਾਬ ਨੇ ਹਰ ਕਿਸਮ ਦੀ ਲੁੱਟ ਅਤੇ ਦਾਬੇ ਨੂੰ ਖਤਮ ਕਰਕੇ ਕਿਰਤੀ ਕਾਮਿਆਂ ਦੀ ਸਰਦਾਰੀ ਵਾਲਾ ਰਾਜ ਪ੍ਰਬੰਧ ਕਾਇਮ ਕੀਤਾ। ਉਹਨਾਂ ਕਿਹਾ ਕਿ ਰੂਸ ਦੇ ਮਹਾਨ ਇਨਕਲਾਬੀ ਕਾਮਰੇਡ ਲੈਨਿਨ ਅਤੇ ਸਟਾਲਿਨ ਦੀ ਅਗਵਾਈ ਵਿਚ ਕਾਇਮ ਹੋਏ ਸਮਾਜਵਾਦੀ ਪ੍ਰਬੰਧ ਅੰਦਰ ਗਰੀਬੀ ,ਬੇਰੋਜ਼ਗਾਰੀ ਅਤੇ ਮਹਿੰਗਾਈ ਨੂੰ ਮੁਕੰਮਲ ਰੂਪ ਵਿਚ ਖਤਮ ਕਰਕੇ ਲੋਕਾਂ ਨੂੰ ਵਿਤਕਰਿਆਂ ਤੋਂ ਨਿਜਾਤ ਦਿਵਾਈ । ਬੁਲਾਰਿਆਂ ਨੇ ਕਿਹਾ ਕਿ ਦੁਨੀਆਂ ਭਰ ਅੰਦਰ ਵਿਸ਼ੇਕਰ ਭਾਰਤ ਵਿਚ ਸਿਆਸੀ ਆਰਥਿਕ ਸੰਕਟ ਕਰਕੇ ਹਾਕਮ ਜਮਾਤਾਂ ਲੋਕਾਂ ਦੀ ਲੁੱਟ ਕਰ ਰਹੀਆਂ ਹਨ । ਉਹਨਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੇਸ਼ ਦੇ ਕੁਦਰਤੀ ਸੋਮਿਆਂ ,ਮੰਡੀ ਅਤੇ ਕਿਰਤ ਦੇ ਮੁਨਾਫ਼ੇ ਨੂੰ ਹੜੱਪਣ ਦੀ ਤਾਕ ਵਿਚ ਬੈਠੀਆਂ ਬਹੁਰਾਸ਼ਟਰੀ ਕੰਪਨੀਆਂ ਅਤੇ ਉਹਨਾਂ ਦੀ ਦਲਾਲ ਭਾਰਤੀ ਅਜਾਰੇਦਾਰ ਘਰਾਣਿਆਂ ਦੇ ਹਵਾਲੇ ਕਰਕੇ ਲੋਕਾਂ ਨੂੰ ਆਰਥਿਕ ਬਦਹਾਲੀ ਵੱਲ ਧੱਕ ਰਹੀ ਹੈ। ਉਹਨਾਂ ਦੋਸ਼ ਲਾਇਆ ਕਿ ਕਿਸਾਨਾਂ ,ਮਜ਼ਦੂਰਾਂ ,ਆਦਿਵਾਸੀ ਅਤੇ ਕਸ਼ਮੀਰੀ ਲੋਕਾਂ ਨੂੰ ਕਾਲੇ ਕਾਨੂੰਨਾ ਅਤੇ ਹਥਿਆਰਬੰਦ ਬਲਾਂ ਦੀ ਤਾਕਤ ਨਾਲ ਕੁਚਲਿਆ ਜਾ ਰਿਹਾ ਹੈ। ਉਹਨਾਂ ਆਖਿਆ ਕਿ ਪੰਜਾਬ ਦੇ ਲੋਕ ਭਿਖਾਰੀ ਨਹੀਂ ਹਨ ਅਤੇ ਉਹਨਾਂ ਨੂੰ ਆਟਾ ਦਾਲ ਅਤੇ ਸਾਈਕਲ ਆਦਿ ਦੇ ਕੇ ਉਹਨਾਂ ਦੀ ਅਣਖ ਨੂੰ ਵੰਗਾਰਿਆ ਜਾ ਰਿਹਾ ਹੈ ਇਸ ਕਰਕੇ ਲੋਕਾਂ ਨੂੰ ਗਰੀਬੀ ਦੀ ਜਿਲਣ ’ਚੋਂ ਕੱਢਣ ਲਈ ਲੁਟੇਰਾ ਜਮਾਤ ਖਿਲਾਫ਼ ਲਾਮਬੰਦ ਹੋਣ ਦੀ ਲੋੜ ਹੈ । ਬੁਲਾਰਿਆਂ ਨੇ ਲੇਖਕਾਂ ਅਤੇ ਪੱਤਰਕਾਰਾਂ ਉੱਤੇ ਫਿਰਕੂ ਫਾਸ਼ੀ ਹਮਲੇ ਕਰਨ ਵਾਲਿਆਂ ਖਿਲਾਫ਼ ਲੋਕਾਂ ਨੂੰ ਉਠਣ ਦਾ ਸੱਦਾ ਦਿੱਤਾ। ਕਾਨਫਰੰਸ ਵੱਲੋਂ ਮਤਾ ਪਾਸ ਕੀਤਾ ਗਿਆ ਕਿ ਭਾਰਤ ਦੇ ਕਰੋੜਾ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਮੌਜੂਦਾ ਰਾਜਨੀਤਕ ਸਮਾਜਿਕ ਪ੍ਰਬੰਧ ਅੰਦਰ ਨਹੀਂ ਹੋ ਸਕਦਾ ਅਤੇ ਇਸ ਦਾ ਹੱਲ ਰੂਸ ਦੇ ਮਹਾਨ ਅਕਤੂਬਰ ਇਨਕਲਾਬ ਤੋਂ ਪ੍ਰਰੇਨਾ ਲੈ ਕੇ ਭਾਰਤੀ ਕਾਮਿਆਂ ਦੇ ਇਨਕਲਾਬ ਨਾਲ ਹੀ ਸੰਭਵ ਹੈ। ਇਸ ਸਮੇਂ ਪ੍ਰੋ: ਜੀ ਐੱਨ ਸਾਈਂ ਬਾਬਾ ਨੂੰ ਰਿਹਾ ਕਰਨ ,ਕਿਸਾਨਾਂ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਰੋਕਣ ਲਈ ਮੰਗਾਂ ਮੰਨਣ , ਨਿੱਜੀ ਅਤੇ ਜਨਤਕ ਜਾਇਦਾਦ ਨੁਕਸਾਨ ਕਾਨੂੰਨ ਰੱਦ ਕਰਨ ਅਤੇ 800 ਪ੍ਰਾਇਮਰੀ ਸਕੂਲ ਬੰਦ ਕਰਨ ਦੇ ਫੈਸਲੇ ਨੂੰ ਵਾਪਸ ਲੈਣ ਦੇ ਮਤੇ ਵੀ ਪਾਸ ਕੀਤੇ ਗਏ।


