ਸੰਘਣੀ ਧੁੰਦ ਕਾਰਨ ਫਿਰੋਜ਼ਪੁਰ-ਫਾਜ਼ਿਲਕਾ ਸੜਕ ’ਤੇ ਬੱਸ ਤੇ ਟਰਾਲੇ ਦੀ ਹੋਈ ਆਹਮੋਂ ਸਾਹਮਣੀ ਟੱਕਰ ’ਚ 4 ਮਰੇ ਤੇ ਕਈ ਫੱਟੜ

ਫਿਰੋਜ਼ਪੁਰ,7 ਨਵੰਬਰ (ਜਸ਼ਨ)- ਅੱਜ ਸਵੇਰੇ ਫਿਰੋਜ਼ਪੁਰ-ਫਾਜ਼ਿਲਕਾ ਸੜਕ ’ਤੇ ਪਿੰਡ ਕਰੀ ਕਲਾਂ ਵਿਖੇ ਧੁੰਦ ਕਾਰਨ ਬੱਸ ਤੇ ਟਰਾਲੇ ਦੀ ਆਹਮੋਂ ਸਾਹਮਣੀ ਟੱਕਰ ਦੌਰਾਨ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 4 ਜਣਿਆਂ ਦੀ ਮੌਤ ਹੋ ਜਦਕਿ ਕਈ ਵਿਅਕਤੀ ਗੰਭੀਰ ਜਖਮੀਂ ਹੋ ਗਏ । ਅੱਜ ਸਰਦ ਰੁੱਤ ਦੀ ਪਹਿਲੀ ਧੰੁਦ ਕਾਰਨ ਵਾਪਰੇ ਇਸ ਹਾਦਸੇ ਵਿਚ ਜਲਾਲਾਬਾਦ ਦੇ ਕਈ ਸਰਕਾਰੀ ਮੁਲਾਜ਼ਮ ਇਸ ਬੱਸ ਵਿਚ ਸਵਾਰ ਸਨ। ਘਟਨਾ ਉਸ ਸਮੇਂ ਵਾਪਰੀ ਜਦੋਂ ਫਿਰੋਜ਼ਪੁਰ ਦੀ ਤਰਫੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਸਾਹਮਣੇ ਤੋਂ ਰਿਹਾ ਟਰਾਲਾ ਸਿੱਧਾ ਟਕਰਾਅ ਗਿਆ । ਟੱਕਰ ਤੋਂ ਬਾਅਦ ਟਰਾਲਾ ਬੱਸ ਦੇ ਅੰਦਰ ਤੱਕ ਧਸ ਗਿਆ । ਬੱਸ ਡਰਾਈਵਰ ਅਤੇ ਟਰਾਲਾ ਡਰਾਈਵਰ ਅਤੇ ਇਕ ਹੋਰ ਦੀ ਘਟਨਾ ਸਥਾਨ ਤੇ ਮੌਤ ਹੋ ਗਈ ਜਦਕਿ ਇਕ ਵਿਅਕਤੀ ਰਸਤੇ ਵਿੱਚ ਦਮ ਤੋੜ ਗਿਆ । ਪੁਲਿਸ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਨੇ ਮੌਕੇ ’ਤੇ ਪਹੰੁਚ ਕੇ ਘਟਨਾ ਦਾ ਜਾਇਜ਼ਾ ਲਿਆ।
*ਮੁੱਖ ਮੰਤਰੀ ਵੱਲੋਂ ਫਿਰੋਜ਼ਪੁਰ ਸੜਕ ਹਾਦਸੇ ’ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਐਕਸਗ੍ਰੇਸ਼ੀਆ ਗ੍ਰਾਂਟ ਦੇਣ ਅਤੇ ਜ਼ਖਮੀਆਂ ਦਾ ਮੁਫ਼ਤ ਇਲਾਜ ਕਰਵਾਉਣ ਦਾ ਐਲਾਨ
ਚੰਡੀਗੜ, 7 ਨਵੰਬਰ(ਜਸ਼ਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫ਼ਿਰੋਜ਼ਪੁਰ ਵਿਖੇ ਟਰੱਕ ਅਤੇ ਪੰਜਾਬ ਰੋਡਵੇਜ਼ ਦੀ ਬੱਸ ਵਿਚਕਾਰ ਹੋਏ ਦੁਖਦਾਈ ਹਾਦਸੇ ’ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਐਕਸਗ੍ਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਫਿਰੋਜ਼ਪੁਰ-ਫਾਜ਼ਿਲਕਾ ਸੜਕ ’ਤੇ ਪਿੰਡ ਕਰੀ ਕਲਾਂ ਵਿਖੇ ਧੁੰਦ ਕਾਰਨ ਹੋਈ ਟਰੱਕ ਅਤੇ ਬੱਸ ਦੀ ਟੱਕਰ ਵਿਚ ਮਾਰੇ ਗਏ ਵਿਅਕਤੀਆਂ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲਾ ਪ੍ਰਸ਼ਾਸਨ ਨੂੰ ਜ਼ਖਮੀਆਂ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ। ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਜ਼ਿਲਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਹਰ ਸੰਭਵ ਮਦਦ ਦੇਣ ਦੇ ਵੀ ਨਿਰਦੇਸ਼ ਜਾਰੀ ਕੀਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਵੀ ਕਾਮਨਾ ਕੀਤੀ ਹੈ। ਬੁਲਾਰੇ ਅਨੁਸਾਰ ਹਾਦਸੇ ਦੌਰਾਨ ਦੋਵੇਂ ਗੱਡੀਆਂ ਦੇ ਡਰਾਈਵਰਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿਚ ਚਾਰ ਵਿਅਕਤੀ ਮਾਰੇ ਗਏ ਹਨ ਅਤੇ ਹੋਰ ਕਈ ਜ਼ਖਮੀ ਹੋ ਗਏ ਹਨ।


