ਭੁੱਚੋ ਮੰਡੀ ਵਿਖੇ ਧੁਆਂਖੀ ਧੁੰਦ ਕਾਰਨ ਕਈ ਵਾਹਨ ਆਪਸ ਵਿਚ ਭਿੜੇ ,8 ਮੌਤਾਂ,ਕਈ ਜ਼ਖਮੀ

ਬਠਿੰਡਾ,8 ਨਵੰਬਰ (ਜਸ਼ਨ) - ਬਠਿੰਡਾ ਨੇੜਲੇ ਭੁੱਚੋ ਮੰਡੀ ਵਿਖੇ ਸਵੇਰੇ ਵੇਲੇ ਖੜੀ ਬੱਸ ਨਾਲ ਵਾਰੋ ਵਾਰੀ ਕਈ ਵਾਹਨਾਂ ਦੇ ਟਕਰਾ ਜਾਣ ਕਾਰਨ ਵਾਪਰੇ ਦਰਦਨਾਕ ਹਾਦਸੇ ਦੌਰਾਨ ਕਈ ਵਿਦਿਆਰਥੀਆਂ ਦੀ ਮੌਤ ਹੋ  ਗਈ ਜਿਹਨਾਂ ਵਿਚ 8 ਵਿਦਿਆਰਥੀ ਰਾਮਪੁਰਾ ਫੂਲ ਦੇ ਦੱਸੇ ਜਾ ਰਹੇ ਹਨ। ਘਟਨਾ ਉਸ ਸਮੇਂ ਵਾਪਰੀ ਜਦੋਂ ਭੁੱਚੋ ਨੇੜੇ ਫਲਾਈਓਵਰ ਤੇ ਧੂੰਏ ਤੇ ਧੁੰਦ ਕਾਰਨ ਸੜਕ ਤੇ ਕੁਝ ਗੱਡੀਆਂ ਆਪਸ ਵਿੱਚ ਟਕਰਾ ਗਈਆਂ,ਘਟਨਾ ਤੋਂ ਤੁਰੰਤ ਬਾਅਦ ਜਦ ਲੋਕ ਮਦਦ ਲਈ ਆਏ ਤਾਂ ਇੰਨੇ ‘ਚ ਪਿਛੋਂ ਆਉਂਦਾ ਤੇਜ਼ ਰਫ਼ਤਾਰ ਕੰਕਰੀਟ ਟਿੱਪਰ ਫਲਾਈਓਵਰ ਤੇ ਖੜੇ ਲੋਕਾਂ ਤੇ ਚੜ ਗਿਆ ਅਤੇ  ਉਸ ਨੇ ਕਈ ਹੋਰ ਵਾਹਨਾਂ ਨੂੰ ਵੀ ਦਰੜ ਦਿੱਤਾ।

ਪੁਲਿਸ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਹਾਦਸੇ ਵਿੱਚ ਕਾਲਜ ਦੇ ਕਈ ਵਿਦਿਆਰਥੀਆਂ ਦੀ ਜਾਨ ਚਲੀ ਗਈ ਹੈ ਅਤੇ ਕਈ ਜ਼ਖਮੀ ਹੋ ਗਏ ਹਨ। ਮਾਰੇ ਗਏ ਸਾਰੇ ਵਿਦਿਆਰਥੀ ਵੱਖ ਵੱਖ ਕਾਲਜਾਂ ਅਤੇ ਕੋਚਿੰਗ ਸੈਂਟਰਾਂ ’ਚ ਪੜਨ ਲਈ ਜਾ ਰਹੇ ਸਨ ।  ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ । ਇਸ ਹਾਦਸੇ ਸਬੰਧੀ ਹੋਰ ਵਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।