ਹਿੰਸਾ ਸਹਿਣ ਦੀ ਬਜਾਏ ਔਰਤਾਂ ਹਿੰਸਾ ਵਿਰੁੱਧ ਆਵਾਜ਼ ਬੁਲੰਦ ਕਰਨ- ਡਾ: ਰਜਿੰਦਰ ਕੌਰ ਕਮਲ

ਮੋਗਾ, 25 ਨਵੰਬਰ (ਜਸ਼ਨ): ‘ਔਰਤਾਂ ਸਮਾਜ ਅਤੇ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾ ਰਹੀਆਂ ਹਨ ਤੇ ਅਜੋਕੇ ਸਮੇਂ ਔਰਤ ਕਿਸੇ ਵੀ ਖੇਤਰ ਵਿੱਚ ਮਰਦਾਂ ਤੋਂ ਘੱਟ ਨਹੀਂ ਹੈ’। ‘ਔਰਤਾਂ ਵਿਰੁੱਧ ਹਿੰਸਾ ਦੇ ਖ਼ਾਤਮੇਂ ਲਈ ਅੰਤਰਾਸ਼ਟਰੀ ਦਿਵਸ’ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਡਾ. ਰਜਿੰਦਰ ਕੌਰ ਕਮਲ ਨੇ ਆਖਿਆ ਕਿ ਔਰਤਾਂ ਨਾਲ ਹੀ ਸਮਾਜ ਦੀ ਹੋਂਦ ਕਾਇਮ ਹੈ ਅਤੇ ਔਰਤਾਂ ਵਿਰੁੱਧ ਹੋ ਰਹੀ ਸ਼ਰੀਰਕ ਅਤੇ ਮਾਨਸਿਕ ਹਿੰਸਾ ਨੂੰ ਖ਼ਤਮ ਕਰਨ ਲਈ ਸਾਨੂੰ ਸਭ ਨੂੰ ਮਿਲ ਕੇ ਔਰਤਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਵਿਧਾਇਕ ਡਾ: ਹਰਜੋਤ ਕਮਲ ਦੀ ਸੁਪਤਨੀ ਅਤੇ ਉੱਘੀ ਸਮਾਜ ਸੇਵਿਕਾ ਡਾ. ਰਜਿੰਦਰ ਕੌਰ ਕਮਲ ਨੇ ਕਿਹਾ ਕਿ ਇੱਕ ਔਰਤ ਹੀ ਸਹੀ ਅਰਥਾਂ ਵਿੱਚ ਸਮਾਜ ਦਾ ਪਾਲਣ ਪੋਸ਼ਣ ਕਰਦੀ ਹੈ, ਕਿਉਕਿ ਮਾਂ ਹੀ ਬੱਚਿਆਂ ਦੀ ਪਹਿਲੀ ਅਧਿਆਪਕ ਹੈ ਜੋ ਹਿੰਸਾ ਵਿਰੁੱਧ ਆਪਣੇ ਬੱਚਿਆਂ ਨੂੰ ਸਿੱਖਿਅਤ ਕਰ ਸਕਦੀ ਹੈ । ਡਾ: ਕਮਲ ਨੇ ਆਖਿਆ ਕਿ ਜਾਗਰੂਕ ਔਰਤਾਂ ਵੀ ਸਮਾਜ ਵਿੱਚੋਂ ਹਿੰਸਾ ਨੂੰ ਜੜੋਂ ਖ਼ਤਮ ਕਰਨ ਵਿੱਚ ਆਪਣਾ ਯੋਗਦਾਨ ਦੇ ਸਕਦੀਆਂ ਹਨ। ਉਨਾਂ ਲੜਕੀਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨ ਤੇ ਜ਼ੋਰ ਦਿੰਦਿਆਂ ਕਿਹਾ ਕਿ ਔਰਤਾਂ ਨੂੰ ਆਪਣੀਆਂ ਲੜਕੀਆਂ ਨੂੰ ਉੱਚ ਵਿੱਦਿਆ ਦੇਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਪੈਰਾਂ ਸਿਰ ਖੜ ਕੇ ਸਮਾਜ ਵਿਚ ਆਪਣੀ ਨਿਵੇਕਲੀ ਪਹਿਚਾਣ ਬਣਾ ਸਕਣ। ਉਨਾਂ ਕਿਹਾ ਕਿ ਔਰਤ ਹੀ ਆਪਣੇ ਨਾਲ ਹੋ ਰਹੇ ਸ਼ੋਸਣ ਨੂੰ ਖ਼ਤਮ ਕਰਨ ਲਈ ਲੜਾਈ ਲੜ ਸਕਦੀ ਹੈ ਅਤੇ ਉਹਨਾਂ ਇਸ ਲੜਾਈ ਵਿੱਚ ਆਪਣਾ ਭਰਪੂਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਡਾ: ਕਮਲ ਨੇ ਔਰਤਾਂ ਨੂੰ ਇੱਕਜੁਟਤਾ ਨਾਲ ਮਿਲ ਜੁਲ ਕੇ ਹਿੰਸਾ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੱਦਾ ਵੀ ਦਿੱਤਾ।


