ਮੁੱਖ ਮੰਤਰੀ ਦੀ ਅਗਵਾਈ ’ਚ ਮੰਤਰੀ ਮੰਡਲ ਵੱਲੋਂ ਗੰਨੇ ਦੇ ਭਾਅ ਵਿੱਚ 10 ਰੁਪਏ ਪ੍ਰਤੀ ਕੁਇੰਟਲ ਵਾਧਾ ਕਿਰਸਾਨੀ ਲਈ ਹੋਵੇਗਾ ਲਾਹੇਵੰਦਾ-ਜਗਸੀਰ ਸਿੰਘ ਮੰਗੇਵਾਲਾ

ਮੋਗਾ, 27 ਨਵੰਬਰ (ਜਸ਼ਨ) ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਪੰਜਾਬ ਮੰਤਰੀ ਮੰਡਲ ਨੇ ਗੰਨਾ ਉਤਪਾਦਕਾਂ ਦੇ ਹਿੱਤ ਵਿੱਚ ਗੰਨੇ ਦੇ ਸਟੇਟ ਐਗਰਿਡ ਪ੍ਰਾਈਸ (ਐਸ.ਏ.ਪੀ.) ਵਿੱਚ ਵਾਧਾ ਕਰਕੇ ਕਿਸਾਨ ਹਿਤੈਸ਼ੀ ਸਰਕਾਰ ਹੋਣ ਦਾ ਸਬੂਤ ਦਿੱਤਾ ਹੈ ਅਤੇ ਇਹ ਫੈਸਲਾ ਖੁਦਕੁਸ਼ੀਆਂ ਦੇ ਰਾਹ ਪਏ ਕਿਸਾਨਾਂ ਲਈ ਨਵੀਂ ਆਸ ਦੀ ਕਿਰਨ ਲੈ ਕੇ ਆਇਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਸਕੱਤਰ ਜਗਸੀਰ ਸਿੰਘ ਮੰਗੇਵਾਲਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕੀਤਾ। ਜਗਸੀਰ ਸਿੰਘ ਮੰਗੇਵਾਲਾ ਨੇ ਆਖਿਆ ਕਿ ਮੁੱਖ ਮੰਤਰੀ ਵੱਲੋਂ ਗੰਨੇ ਦਾ ਭਾਅ ਵਧਾਏ ਜਾਣ ਲਈ ਸਖਤ ਸਟੈਂਡ ਅਪਣਾਏ ਜਾਣ ਤੋਂ ਬਾਅਦ ਮੰਤਰੀ ਮੰਡਲ ਨੇ ਉੱਤਰ ਪ੍ਰਦੇਸ਼ ਤੇ ਹਰਿਅਣਾ ਦੀ ਤਰਜ਼ ’ਤੇ ਸਾਲ 2017-18 ਦੇ ਪਿੜਾਈ ਸੀਜ਼ਨ ਲਈ ਗੰਨੇ ਦੇ ਭਾਅ ਵਿੱਚ 10 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਨ ਦੇ ਫੈਸਲੇ ਤੋਂ ਇਲਾਵਾ ਸੂਬੇ ਦੇ ਕਿਸਾਨਾਂ ਨੂੰ ਹੋਰ ਮਲਕੀਅਤ ਵਾਲੀਆਂ ਜ਼ਮੀਨਾਂ ਦੇ ਪੱਧਰ ਤੋਂ ਘੱਟੋ-ਘੱਟ ਤਿੰਨ ਫੁੱਟ ਹੇਠਾਂ ਵਿਭਾਗ ਵੱਲੋਂ ਕੀਤੀ ਨਿਸ਼ਾਨਦੇਹੀ ਅਨੁਸਾਰ ਫਸਲ ਜਾਂ ਹੋਰ ਢਾਂਚੇ ਦੇ ਹੋਏ ਨੁਕਸਾਨ ਦੀ ਬਾਜ਼ਾਰੀ ਕੀਮਤ ਅਨੁਸਾਰ ਮੁਆਵਜ਼ਾ ਦੇ ਕੇ ਸਿੰਚਾਈ ਲਈ ਜ਼ਮੀਨਦੋਜ਼ ਪਾਈਪਾਂ ਲੰਘਾਉਣ ਦਾ ਕਾਨੂੰਨੀ ਹੱਕ ਦੇਣ ਦੇ ਫੈਸਲੇ ਨਾਲ ਕਿਸਾਨਾਂ ਲਈ ਹੋਰ ਮਲਕੀਅਤ ਵਾਲੀਆਂ ਜ਼ਮੀਨਾਂ ਹੇਠੋਂ ਸਿੰਚਾਈ ਪਾਈਪਲਾਈਨ ਲੰਘਾਉਣ ਵਿੱਚ ਔਕੜ ਪੇਸ਼ ਨਹੀਂ ਆਵੇਗੀ ਜਦਕਿ ਪਹਿਲਾਂ ਅਜਿਹੇ ਹਾਲਾਤ ਵਿਚ ਕਿਸਾਨ ਸਿੰਚਾਈ ਤੋਂ ਵਾਂਝੇ ਰਹਿ ਜਾਂਦੇ ਸਨ। ਸੂਬਾ ਸਕੱਤਰ ਮੰਗੇਵਾਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਕਿਸਾਨਾਂ ਨੂੰ ਹੋਰ ਵਧੇਰੇ ਸਮਰੱਥ ਬਣਾਉਣ ਲਈ ਪੰਜ ਮੈਂਬਰੀ ਕਮਿਸ਼ਨ ਦੀ ਸਥਾਪਨਾ ਵਾਸਤੇ ਬਿੱਲ ਲਿਆਉਣ ਦਾ ਫੈਸਲਾ ਵੀ ਕਿਸਾਨਾਂ ਦੀ ਭਲਾਈ ਤੇ ਸਮੱਸਿਆਵਾਂ ਸੁਲਝਾਉਣ ਵਿਚ ਸਹਾਈ ਹੋਵੇਗਾ।


